ਪੈਰਾ ਰਚਨਾ : ਸਫ਼ਰ ਦਾ ਵਿੱਦਿਅਕ ਮਹੱਤਵ


ਸਫ਼ਰ ਕਈ ਤਰ੍ਹਾਂ ਦੇ ਹੁੰਦੇ ਹਨ, ਪਰ ਇੱਥੇ ਸਫ਼ਰ ਤੋਂ ਭਾਵ ਹੈ ਦੇਸ਼-ਵਿਦੇਸ਼ ਵਿੱਚ ਘੁੰਮ ਕੇ ਉੱਥੋਂ ਦੀ ਭੂਗੋਲਿਕ ਸਥਿਤੀ, ਲੋਕਾਂ ਦੇ ਜੀਵਨ, ਰਹਿਣ-ਸਹਿਣ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕਰਨੀ। ਮਨੁੱਖ ਓਨਾ ਕੁਝ ਪੁਸਤਕਾਂ ਤੋਂ ਨਹੀਂ ਸਿੱਖ ਸਕਦਾ ਜਿੰਨਾ ਕੁਝ ਕਿਸੇ ਥਾਂ ਦਾ ਸਫ਼ਰ ਕਰ ਕੇ ਸਿੱਖ ਸਕਦਾ ਹੈ। ਸਫ਼ਰ ਸਿੱਖਿਆ ਦਾ ਸਿੱਧਾ ਸਾਧਨ ਹੈ, ਜਦੋਂ ਕਿ ਪੁਸਤਕਾਂ ਸਿੱਖਿਆ ਦਾ ਦੂਜੈਲਾ ਸਾਧਨ। ਜਦੋਂ ਮਨੁੱਖ ਸਫ਼ਰ ਦੁਆਰਾ ਆਪਣੀਆਂ ਅੱਖਾਂ ਨਾਲ ਸਾਖਿਆਤ ਥਾਂਵਾਂ ਨੂੰ ਵੇਖਦਾ ਹੈ, ਕੰਨਾਂ ਨਾਲ ਉੱਥੋਂ ਦੇ ਲੋਕਾਂ ਨੂੰ ਸੁਣਦਾ ਹੈ, ਤਦ ਉਸ ਦਾ ਗਿਆਨ ਸਾਖਿਆਤ ਗਿਆਨ ਹੁੰਦਾ ਹੈ। ਅਸੀਂ ਵੇਖਦੇ ਹਾਂ ਕਿ ਪੁਸਤਕਾਂ ‘ਚੋਂ ਰਾਜਸਥਾਨ ਬਾਰੇ ਜਿਹੜ ਜਾਣਕਾਰੀ ਮਿਲਦੀ ਹੈ, ਆਪਣੇ-ਆਪ ਵਿੱਚ ਪੂਰੀ ਨਹੀਂ ਹੁੰਦੀ, ਪਰੰਤੂ ਜਦੋਂ ਵਿਦਿਆਰਥੀ ਰਾਜਸਥਾਨ ਜਾ ਕੇ ਉੱਥੋਂ ਦੇ ਕਿਲ੍ਹੇ ਵੇਖਦਾ, ਉੱਥੋਂ ਦੀ ਧਰਤੀ ‘ਤੇ ਤੁਰਦਾ ਹੈ, ਉੱਥੋਂ ਦੇ ਲੋਕਾਂ ਵਿੱਚ ਵਿਚਰਦਾ ਹੈ, ਉਦੋਂ ਉਸ ਨੂੰ ਇਸ ਪ੍ਰਾਂਤ ਬਾਰੇ ਵਿਸ਼ਾਲ ਗਿਆਨ ਪ੍ਰਾਪਤ ਹੁੰਦਾ ਹੈ। ਵਿੱਦਿਆ ਦਾ ਮੰਤਵ ਮਨੁੱਖ ਨੂੰ ਵੱਖ-ਵੱਖ ਹਾਲਾਤ ਅਨੁਸਾਰ ਜੀਵਨ ਜਾਚ ਸਿਖਾਉਣਾ ਹੁੰਦਾ ਹੈ। ਸਫ਼ਰ ਇਹ ਜਾਚ ਸਿੱਖਣ ਵਿੱਚ ਮਨੁੱਖ ਦੀ ਤਕੜੀ ਸਹਾਇਤਾ ਕਰਦਾ ਹੈ। ਪਹਾੜਾਂ ਵਿੱਚ ਬਰਫ਼ ਅਤੇ ਠੰਢੀਆਂ ਹਵਾਵਾਂ ਤੇ ਮੀਂਹਾਂ ਵਿੱਚ ਕੀਤਾ ਸਫ਼ਰ ਮਨੁੱਖ ਨੂੰ ਉਲਟ ਹਾਲਾਤ ਵਿੱਚ ਵਿਚਰਨਾ ਸਿਖਾਉਂਦਾ ਹੈ। ਇਵੇਂ ਹੀ ਗਰਮ ਇਲਾਕਿਆਂ ਅਤੇ ਰੇਗਿਸਤਾਨਾਂ ਦਾ ਸਫ਼ਰ ਮਨੁੱਖ ਨੂੰ ਔਕੜਾਂ ਬਰਦਾਸ਼ਤ ਕਰਨ ਦੀ ਜਾਚ ਦੱਸਦਾ ਹੈ। ਨਾ ਜੀਵਨ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ, ਨਾ ਹੀ ਸੰਸਾਰ ਦੇ ਸਾਰੇ ਭਾਗ ਇੱਕੋ ਜਿਹੇ ਹਨ। ਇਸ ਲਈ ਜਿਹੜਾ ਵਿਅਕਤੀ ਵਧੇਰੇ ਸਫ਼ਰ ਕਰਦਾ ਹੈ, ਉਸ ਨੂੰ ਹਰ ਤਰ੍ਹਾਂ ਦੇ ਹਾਲਾਤ ਅਨੁਸਾਰ ਜਿਊਣ ਦੀ ਜਾਚ ਆ ਜਾਂਦੀ ਹੈ। ਸਫ਼ਰ ਰਾਹੀਂ ਸਹਿਯੋਗ ਦੀ ਭਾਵਨਾ ਜਾਗਦੀ ਹੈ, ਮਨੁੱਖ ਮਨੁੱਖ ਵਿੱਚ ਨੇੜਤਾ ਅਤੇ ਸਹਿਹੋਂਦ ਦੀ ਭਾਵਨਾ ਪਕੇਰੀ ਹੁੰਦੀ ਹੈ। ਸਫ਼ਰ ਰਾਹੀਂ ਦੇਸ਼-ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਅਸੀਂ ਸਫ਼ਰ ਦੌਰਾਨ ਮਿਲੇ ਦੇਸ਼ ‘ ਲੋਕਾਂ ਨੂੰ ਆਪਣਾ ਸਮਝਦੇ ਹਾਂ। ਜੇ ਕਿੱਧਰੇ ਆਪਣੇ ਇਲਾਕੇ ਜਾਂ ਜ਼ਿਲ੍ਹੇ ਜਾਂ ਪ੍ਰਾਂਤ ਦਾ ਬੰਦਾ ਵਿਦੇਸ਼ਾਂ ਵਿੱਚ ਮਿਲ ਜਾਵੇ ਤਾਂ ਉਹ ਵੀ ਆਪਣਾ ਹੀ ਲੱਗਦਾ ਹੈ। ਲੋੜ ਹੈ ਸਫ਼ਰ ਜਾਂ ਯਾਤਰਾ ਨੂੰ ਵਿੱਦਿਅਕ ਪ੍ਰਣਾਲੀ ਦਾ ਇੱਕ ਅੰਗ ਬਣਾਉਣ ਦੀ। ਤਦ ਹੀ ਅਸੀਂ ਇਸ ਤੋਂ ਲਾਭ ਲੈ ਸਕਾਂਗੇ।