ਪੈਰਾ ਰਚਨਾ : ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥


ਇਹ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਹੈ। ਇਸ ਦਾ ਭਾਵ ਹੈ ਕਿ ਸੱਚ ਬੋਲਣਾ ਬਹੁਤ ਵੱਡਾ ਗੁਣ ਹੈ, ਪਰ ਸੱਚ ਤੋਂ ਉੱਤੇ ਹੈ ਨੇਕ ਆਚਰਨ ਦਾ ਹੋਣਾ। ਸਿਆਣਿਆਂ ਅਨੁਸਾਰ ਧਨ-ਦੌਲਤ, ਰੁਤਬਾ ਤੇ ਸ਼ੁਹਰਤ ਚਲੀ ਜਾਵੇ ਤਾਂ ਬਰਦਾਸ਼ਤ ਹੋ ਸਕਦਾ ਹੈ, ਪਰ ਜੇ ਆਚਰਨ ਹੀ ਚਲਾ ਜਾਵੇ ਤਾਂ ਉਹ ਸਹਿਣ ਯੋਗ ਨਹੀਂ ਹੁੰਦਾ। ਪੈਸਾ ਤਾਂ ਦੁਬਾਰਾ ਕਮਾਇਆ ਜਾ ਸਕਦਾ ਹੈ, ਪਰ ਇੱਜ਼ਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਸੱਚ ਬੋਲਣਾ, ਮਿੱਠਾ ਬੋਲਣਾ, ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ, ਕਿਸੇ ਦਾ ਹੱਕ ਨਾ ਮਾਰਨਾ, ਧੋਖਾ ਨਾ ਕਰਨਾ, ਲੋੜਵੰਦ ਦੀ ਮਦਦ ਕਰਨਾ, ਦਇਆ ਭਾਵ ਰੱਖਣਾ ਆਦਿ ਚੰਗੇ ਆਚਰਨ ਦੇ ਲੱਛਣ ਹਨ। ਇਹਨਾਂ ਗੁਣਾਂ ਦਾ ਧਾਰਨੀ ਵਿਅਕਤੀ ਨੇਕ ਆਚਰਨ ਦਾ ਮਾਲਕ ਹੁੰਦਾ ਹੈ। ਸੱਚ ਦੇ ਰਾਹ ‘ਤੇ ਚੱਲਣ ਵਾਲਾ ਤੇ ਸੱਚੇ ਵਿਅਕਤੀ ਦਾ ਸਾਥ ਦੇਣ ਵਾਲਾ ਧਰਮੀ ਪੁਰਖ ਹੁੰਦਾ ਹੈ। ਪਾਂਡਵ ਪੁੱਤਰ ਯੁਧਿਸ਼ਟਰ ਨੂੰ ਧਰਮ ਪੁੱਤਰ ਕਿਹਾ ਜਾਂਦਾ ਸੀ, ਕਿਉਂਕਿ ਉਹ ਕਦੇ ਵੀ ਝੂਠ ਨਹੀਂ ਸੀ ਬੋਲਦਾ। ਇਸੇ ਤਰ੍ਹਾਂ ਰਾਜਾ ਹਰੀਸ਼ ਚੰਦਰ ‘ਸੱਤਿਆਵਾਦੀ ਰਾਜਾ’ ਅਖਵਾਉਂਦਾ ਸੀ। ਧਰਮ ਕੋਈ ਵੀ ਹੋਵੇ, ਸਾਰੇ ਗ੍ਰੰਥ, ਰਾਮਾਇਣ, ਭਗਵਤ ਗੀਤਾ, ਗੁਰੂ ਗ੍ਰੰਥ ਸਾਹਿਬ, ਕੁਰਾਨ, ਬਾਈਬਲ ਆਦਿ ਸੱਚ ਦੇ ਰਾਹ ‘ਤੇ  ਚੱਲਣ ਦਾ ਉਪਦੇਸ਼ ਦਿੰਦੇ ਹਨ। ਭਾਵੇਂ ਸੱਚ ਦੇ ਰਸਤੇ ‘ਤੇ ਤੁਰਦਿਆਂ ਅਨੇਕ ਮੁਸ਼ਕਲਾਂ ਆਉਂਦੀਆਂ ਹਨ, ਪਰ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ। ਝੂਠੇ ਵਿਅਕਤੀ ਦਾ ਮੂੰਹ ਕਾਲਾ ਹੁੰਦਾ ਹੈ ਤੇ ਉਸ ਨੂੰ ਲਾਹਨਤਾਂ ਹੀ ਪੈਂਦੀਆਂ ਹਨ, ਜਦੋਂ ਕਿ ਸੱਚੇ ਵਿਅਕਤੀ ਦੀ ਸਾਰੇ ਪਾਸੇ ਪ੍ਰਸੰਸਾ ਹੁੰਦੀ ਹੈ। ਝੂਠ ਬੋਲਣਾ ਬੁਰੇ ਆਚਰਨ ਦੀ ਨਿਸ਼ਾਨੀ ਹੁੰਦੀ ਹੈ। ਝੂਠ ਬੋਲ ਕੇ ਪ੍ਰਾਪਤ ਕੀਤੀ ਕਾਮਯਾਬੀ ਤੇ ਕਿਸੇ ਦਾ ਹੱਕ ਮਾਰ ਕੇ ਕੀਤੀ ਕਮਾਈ ਕਦੇ ਵੀ ਖ਼ੁਸ਼ੀ ਨਹੀਂ ਦਿੰਦੀ। ਅਜਿਹਾ ਪੈਸਾ ਕਮਾਉਣ ਵਾਲਿਆਂ ਦੀ ਜਾਂ ਤਾਂ ਔਲਾਦ ਨਾਲਾਇਕ ਨਿਕਲਦੀ ਹੈ ਜਾਂ ਇਲਾਜ ‘ਤੇ ਸਾਰਾ ਪੈਸਾ ਖ਼ਰਚ ਹੋ ਜਾਂਦਾ ਹੈ। ਸੱਚ ਬੋਲਣ ਵਾਲਿਆਂ ਬਾਰੇ ਸਿਆਣੇ ਕਹਿੰਦੇ ਹਨ, ‘ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ।’ ਅਜਿਹੇ ਲੋਕਾਂ ‘ਤੇ ਸਾਰੇ ਲੋਕ ਮਾਣ ‘ਤੇ ਵਿਸ਼ਵਾਸ ਕਰਦੇ ਹਨ।  ਗੁਰਬਾਣੀ ਦਾ ਫੁਰਮਾਨ ਹੈ :

ਸਚੈ ਮਾਰਗ ਚਲਦਿਆਂ ਉਸਤਤਿ ਕਰੇ ਜਹਾਨੁ।।