ਪੈਰਾ ਰਚਨਾ : ਸਚਹੁ ਉਰੈ ਸਭ ਕੋ ਉਪਰਿ ਸਚੁ ਆਚਾਰ
ਗੁਰੂ ਨਾਨਕ ਦੇਵ ਜੀ ਦੀ ਇਸ ਮਹਾਨ ਤੁਕ ਵਿਚ ਇਹ ਵਿਚਾਰ ਪੇਸ਼ ਕੀਤਾ ਗਿਆ ਹੈ ਕਿ ਜੀਵਨ ਵਿਚ ਕੀਤੇ ਜਾਣ ਵਾਲੇ ਸਾਰੇ ਭਲੇ ਤੇ ਮਹਾਨ ਕੰਮ ਸੱਚ ਤੋਂ ਨੀਵੇਂ ਹਨ, ਪਰੰਤੂ ਸੱਚ ਨਾਲੋਂ ਵੀ ਉੱਪਰ ਇਕ ਚੀਜ਼ ਹੈ। ਉਹ ਹੈ, ਉੱਚਾ ਸੁੱਚਾ ਆਚਰਨ। ਗੁਰਬਾਣੀ ਵਿਚ ‘ਸੱਚ’ ਦੀ ਬਹੁਤ ਮਹਾਨਤਾ ਦਰਸਾਈ ਗਈ ਹੈ। ਗੁਰੂ ਨਾਨਕ ਦੇਵ ਜੀ ਲਿਖਦੇ ਹਨ, ‘ਸਚਿ ਸਭਨਾ ਹੋਇ ਦਾਰੂ ਪਾਪੁ ਕਢੇ ਧੋਇ।’ ਜਿਹੜਾ ਆਦਮੀ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ, ਉਹ ਨਾ ਕਦੇ ਝੂਠ ਬੋਲਦਾ ਹੈ ਤੇ ਨਾ ਹੀ ਕੋਈ ਪਾਪ ਕਰਦਾ ਹੈ। ਉਹ ਪਰਾਏ ਹੱਕ ਨੂੰ ਖਾਣਾ ਗਊ ਜਾਂ ਸੂਰ ਖਾਣ ਦੇ ਬਰਾਬਰ ਸਮਝਦਾ ਹੈ। ਅਜਿਹਾ ਵਿਅਕਤੀ ਸੱਚੇ ਪਰਮਾਤਮਾ ਦੀ ਯਾਦ ਨੂੰ ਮਨ ਵਿਚ ਵਸਾਉਂਦਾ ਹੈ ਤੇ ਹੋਰ ਸਭ ਪ੍ਰਕਾਰ ਦੇ ਕਰਮ-ਕਾਂਡ ਨੂੰ ਫੋਕਟ ਸਮਝਦਾ ਹੈ। ਇਸ ਤਰ੍ਹਾਂ ਉਹ ਸੱਚ ਦਾ ਆਸਰਾ ਲੈਂਦਾ ਹੋਇਆ ਸੱਚੇ ਆਚਰਨ ਨੂੰ ਧਾਰਨ ਕਰਦਾ ਹੈ। ਉਹ ਆਪਣੇ ਆਲੇ-ਦੁਆਲੇ ਪ੍ਰਤੀ ਸੁਹਿਰਦ ਹੁੰਦਾ ਹੈ। ਉਹ ਕਹਿਣੀ ਕਰਨੀ ਦਾ ਪੂਰਾ ਹੁੰਦਾ ਹੈ। ਉਹ ਖ਼ੁਦਗ਼ਰਜ਼, ਲਾਲਚੀ, ਮੌਕਾ-ਪ੍ਰਸਤ ਤੇ ਚੌਧਰ ਦਾ ਭੁੱਖਾ ਨਹੀਂ ਹੁੰਦਾ। ਉਹ ਅੰਦਰੋਂ-ਬਾਹਰੋਂ ਇਕ ਹੁੰਦਾ ਹੈ। ਉਹ ਬਿਨਾਂ ਕਿਸੇ ਡਰ-ਭਉ ਦੇ ਹਰ ਇਕ ਦੇ ਮੂੰਹ ‘ਤੇ ਸੱਚ ਸੁਣਾਉਣ ਦੀ ਸਮਰੱਥਾ ਰੱਖਦਾ ਹੈ। ਉਹ ਨਿਰਭੈ ਹੋ ਕੇ ਸੱਚ ਦਾ ਪੱਲਾ ਫੜਦਾ ਹੈ ਤੇ ਇਸ ਲਈ ਕੁਰਬਾਨੀ ਕਰਨ ਦੀ ਦਲੇਰੀ ਰੱਖਦਾ ਹੈ। ਦੁਨੀਆ ਅਜਿਹੇ ਲੋਕਾਂ ਨੂੰ ਪੂਜਦੀ ਹੈ ਤੇ ਉਨ੍ਹਾਂ ਨੂੰ ਆਪਣੇ ਰਹਿਬਰ ਮੰਨਦੀ ਹੈ। ਇਸ ਪ੍ਰਕਾਰ ਸੱਚਾ ਆਚਰਨ ਸੱਚ ਤੋਂ ਉੱਪਰ ਹੈ, ਜਿਸ ਨੂੰ ਧਾਰਨ ਕਰ ਕੇ ਵਿਅਕਤੀ ਇਨਸਾਨੀਅਤ ਦੀ ਸਿਖਰ ‘ਤੇ ਪੁੱਜਦਾ ਹੈ।