CBSEclass 11 PunjabiClass 12 PunjabiClass 9th NCERT PunjabiEducationNCERT class 10thParagraphPunjab School Education Board(PSEB)Punjabi Viakaran/ Punjabi Grammar

ਪੈਰਾ ਰਚਨਾ : ਵਿੱਦਿਅਕ ਮੰਦਰਾਂ ਵਿੱਚ ਰੋਸ ਪ੍ਰਗਟਾਵੇ


ਵਿੱਦਿਆ ਵੀਚਾਰੀ ਤਾਂ ਪਰਉਪਕਾਰੀ॥‘ ਇਸ ਨੇ ਤਾਂ ਅਗਿਆਨਤਾ ਦਾ ਹਨੇਰਾ ਦੂਰ ਕਰ ਕੇ ਚਾਨਣ ਦੁਆਰਾ ਉਪਕਾਰ ਕਰਨਾ ਹੁੰਦਾ ਹੈ, ਪਰ ਇਸ ਪਰਉਪਕਾਰ ਕਰਨਹਾਰੀ ਨੂੰ ਵੀ ਨਹੀਂ ਬਖ਼ਸ਼ਿਆ ਜਾਂਦਾ; ਵਿੱਦਿਅਕ ਮੰਦਰਾਂ (ਸਕੂਲਾਂ-ਕਾਲਜਾਂ) ਵਿੱਚ ਵੀ ਹੜਤਾਲਾਂ ਦੁਆਰਾ ਰੋਸ ਪ੍ਰਗਟਾਵੇ ਕਰ ਕੇ ਸਮਾਂ ਨਸ਼ਟ ਕੀਤਾ ਜਾਂਦਾ ਹੈ। ਕਈ ਵਾਰੀ ਦੇਸ਼ ਦੀ ਸਿਆਸੀ ਅਸਥਿਰਤਾ ਵੇਲੇ ਰਾਜਸੀ ਪਾਰਟੀਆਂ ਵਿਦਿਆਰਥੀਆਂ ਨੂੰ ਵਰਤ ਕੇ ਆਪਣਾ ਮਨੋਰਥ ਸਿੱਧ ਕਰਦੀਆਂ ਹਨ। ਜਿਵੇਂ ਕਾਂਗਰਸ ਪਾਰਟੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਵਿਦਿਆਰਥੀ ਵਰਗ ਨੂੰ ਉਭਾਰ ਕੇ ਹੜਤਾਲਾਂ ਕਰਵਾਈਆਂ। ਕਈ ਵਾਰੀ ਅਜਿਹੇ ਵਿਦਿਆਰਥੀ ਦਾਖ਼ਲ ਹੋ ਜਾਂਦੇ ਹਨ, ਜਿਨ੍ਹਾਂ ਦਾ ਮੰਤਵ ਵਿੱਦਿਆ ਗ੍ਰਹਿਣ ਕਰਨ ਨਾਲੋਂ ਆਵਾਰਾਗਰਦੀ ਕਰਨਾ ਹੁੰਦਾ ਹੈ। ਅਜਿਹਾ ਅਨਸਰ ਕਿਸੇ ਨਾ ਕਿਸੇ ਬਹਾਨੇ ਹੜਤਾਲਾਂ ਕਰਵਾ ਕੇ ਵਿੱਦਿਅਕ ਵਾਤਾਵਰਨ ਨੂੰ ਪ੍ਰਦੂਸ਼ਤ ਕਰਦਾ ਹੈ। ਕਈ ਵਾਰੀ ਅਧਿਆਪਕ ਆਪਣੀਆਂ ਵੇਤਨ-ਮੰਗਾਂ ਮੰਨਵਾਉਣ ਜਾਂ ਆਪਣੇ ਨਾਲ ਹੋ ਰਹੇ ਵਿਤਕਰੇ ਨੂੰ ਦੂਰ ਕਰਵਾਉਣ ਲਈ ਰੋਸ ਵਜੋਂ ਨਹੀਂ ਪੜ੍ਹਾਉਂਦੇ। ਕਈ ਵਾਰੀ ਵਿਦਿਆਰਥੀ ਫ਼ੀਸਾਂ ਦੇ ਵਾਧੇ ਨੂੰ ਠੱਲ੍ਹ ਪਾਉਣ ਜਾਂ ਲੋੜੀਂਦੀਆਂ ਵਿੱਦਿਅਕ ਸਹੂਲਤਾਂ ਨੂੰ ਮੰਨਵਾਉਣ ਜਾਂ ਗੁੱਟਬਾਜ਼ੀ ਵਿੱਚ ਆਪਣੇ ਗੁੱਟ ਦੀ ਤਾਕਤ ਵਿਖਾਉਣ ਜਾਂ ਅਨੁਸ਼ਾਸਨਹੀਣ ਬਰਖ਼ਾਸਤ ਹੋਏ ਦੋਸਤਾਂ-ਯਾਰਾਂ ਨੂੰ ਦਾਖ਼ਲ ਕਰਵਾਉਣ ਜਾਂ ਇਮਤਿਹਾਨ ਦੀਆਂ ਤਰੀਕਾਂ ਨੂੰ ਬਦਲਵਾਉਣ ਜਾਂ ਕੋਈ ਹੋਰ ਯੋਗ/ਅਯੋਗ ਮੰਗ ਮੰਨਵਾਉਣ ਲਈ ਇਸ ਹਥਿਆਰ ਦੀ ਵਰਤੋਂ ਕਰਦੇ ਹਨ। ਕਈ ਵਾਰੀ ਸਾਂਝੀ ਵਿੱਦਿਆ ਦੇ ਆਸ਼ਰਮਾਂ ਵਿੱਚ ਲੜਕੇ ਕੇਵਲ ਆਪਣੀ ਦਾਦਾਗਿਰੀ ਵਿਖਾਉਣ ਲਈ ਹੀ ਹੜਤਾਲ ਕਰਵਾ ਦਿੰਦੇ ਹਨ। ਕਈ ਵਾਰੀ ਬੋਰਡ/ਯੂਨੀਵਰਸਿਟੀ ਦੇ ਇਮਤਿਹਾਨੀ ਪਰਚੇ ਕਠਿਨ ਹੁੰਦੇ ਜਾਂ ਨਿਸ਼ਚਿਤ ਪਾਠ-ਕ੍ਰਮ ਤੋਂ ਬਾਹਰ ਹੁੰਦੇ ਹਨ, ਜਿਸ ਪ੍ਰਤੀ ਵਿਦਿਆਰਥੀ ਹੜਤਾਲ ਕਰ ਕੇ ਆਪਣਾ ਰੋਸ ਪ੍ਰਗਟ ਕਰਦੇ ਹਨ। ਖ਼ੈਰ, ਕਾਰਨ ਕੋਈ ਵੀ ਹੋਵੇ-ਚੰਗਾ ਜਾਂ ਮੰਦਾ, ਵਿਦਿਅਕ ਮੰਦਰਾਂ ਨੂੰ ਚਾਨਣ ਦੇਣ ਦੇ ਪਰਉਪਕਾਰ ਲਈ ਹੀ ਵਰਤਣਾ ਚਾਹੀਦਾ ਹੈ, ਹੋਰ ਕਿਸੇ ਕੰਮ ਲਈ ਨਹੀਂ; ਭਾਵੇਂ ਉਹ ਕੰਮ ਕਿੰਨਾ ਹੀ ਚੰਗਾ ਤੇ ਜ਼ਰੂਰੀ ਕਿਉਂ ਨਾ ਹੋਵੇ।