ਪੈਰਾ ਰਚਨਾ : ਵਿਹਲਾ ਮਨ, ਸ਼ੈਤਾਨ ਦਾ ਘਰ
ਵਿਹਲਾ ਮਨ, ਸ਼ੈਤਾਨ ਦਾ ਘਰ
‘ਵਿਹਲਾ ਮਨ, ਸ਼ੈਤਾਨ ਦਾ ਘਰ’। ਇਸ ਅਖਾਣ ਦਾ ਭਾਵ ਹੈ ਕਿ ਵਿਹਲੇ ਮਨ ਨੇ ਸ਼ੈਤਾਨੀਆਂ ਹੀ ਕਰਨੀਆਂ ਹਨ। ਉਂਝ ਵੀ ਮਨ ਤਾਂ ਅਤਿ ਚੰਚਲ ਹੁੰਦਾ ਹੈ। ਇਹ ਤਾਂ ਕੰਮ ਵਿੱਚ ਰੁੱਝੇ ਹੋਏ ਨੂੰ ਵੀ ਕੰਮ ਵਿੱਚ ਟਿਕਣ ਨਹੀਂ ਦੇਂਦਾ, ਆਕਾਸ਼-ਪਤਾਲ ਦੀਆਂ ਉਡਾਰੀਆਂ ਲੁਆ ਦਿੰਦਾ ਹੈ। ਅਸਲ ਵਿੱਚ ਇਸ ਦਾ ਇੱਕ ਰੂਪ ਜੋਤ ਅਥਵਾ ਦੇਵ ਸਰੂਪ ਹੈ ਤੇ ਦੂਜਾ ਦੈਂਤ ਸਰੂਪ। ਜੇ ਮਨ-ਰੂਪੀ ਘੋੜੇ ਦੀਆਂ ਵਾਗਾਂ ਦੇਵਤੇ ਦੇ ਹੱਥ ਵਿੱਚ ਹੋਣ ਤਾਂ ਉਹ ਸ਼ੁੱਭ ਕਰਮ ਕਰਦਾ ਰੱਬ-ਰੂਪ ਹੋ ਜਾਂਦਾ ਹੈ, ਪਰ ਜੇ ਦੈਂਤ ਦੇ ਹੱਥ ਵਿੱਚ ਹੋਣ ਤਾਂ ਉਹ ਸ਼ੈਤਾਨ-ਰੂਪ ਹੋ ਕੇ ਖ਼ਰਮਤੀਆਂ ਅਥਵਾ ਅਸੰਤ ਕਰਮ ਕਰਦਾ ਹੈ। ਵਿਹਲਾ ਮਨ ਆਮ ਤੌਰ ‘ਤੇ ਦੈਂਤ ਦੇ ਟੇਟੇ ਚੜ੍ਹ ਜਾਂਦਾ ਹੈ। ਉਹ (ਦੈਂਤ) ਪ੍ਰਾਣੀ ਦੇ ਪੰਜ ਵਿਕਾਰਾਂ ਦੀ ਦੁਰਵਰਤੋਂ ਕਰਦਾ ਹੈ : ਕਾਮ ਨੂੰ ਭੜਕਾ ਕੇ ਬਦਮਾਸ਼ੀਆਂ ਕਰਵਾਉਂਦਾ ਹੈ, ਕ੍ਰੋਧ ਨੂੰ ਫੂਕ ਕੇ ਮਹਾਂਭਾਰਤ ਭਖਾਈ ਰੱਖਦਾ ਹੈ, ਲੋਭ ਨੂੰ ਚਮਕਾ ਕੇ ਚੋਰੀਆਂ-ਡਾਕੇ ਮਰਵਾਉਂਦਾ ਹੈ, ਮੋਹ ਨੂੰ ਉਤੇਜਿਤ ਕਰ ਕੇ ਹਰ ਅਯੋਗ ਕੰਮ ਕਰਵਾਉਂਦਾ ਹੈ, ਹਉਮੈ ਤੀਖਣ ਕਰ ਕੇ ਹਵਾ ਦੇ ਘੋੜੇ ਦੁੜਾਉਂਦਾ ਹੈ, ਪਰ ਪ੍ਰਾਣੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਦੇ ਭੈੜੇ ਕਰਮਾਂ ਦਾ ਹਿਸਾਬ-ਕਿਤਾਬ ਧਰਮਰਾਜ ਕੋਲ ਉਸ ਨੂੰ ਹੀ ਦੇਣਾ ਪੈਣਾ ਹੈ। ਸੋ, ਦੈਂਤ ਦੇ ਹੱਥਾਂ ਵਿੱਚ ਖੇਡ ਰਿਹਾ ਜੀਵ ਆਪਣਾ ਅਗਲਾ ਜਨਮ ਤਬਾਹ ਕਰ ਲੈਂਦਾ ਹੈ। ਉਹ ਇਹ ਜਨਮ ਦੀ ਘੱਟੇ ਰੋਲ ਲੈਂਦਾ ਹੈ, ਕੋਈ ਉਹਦਾ ਆਦਰ-ਸਤਿਕਾਰ ਨਹੀਂ ਕਰਦਾ। ਉਸ ਨੂੰ ‘ਵਿਹਲਾ ਟੱਟੂ’ ਕਹਿ ਕੇ ਪੁਕਾਰਿਆ ਜਾਂਦਾ ਹੈ। ਜਦ ਵੀ ਕੋਈ ਚੋਰੀ-ਚਕਾਰੀ ਦੀ ਭੈੜੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਸ਼ੱਕ ਵਿੱਚ ਫੜਿਆ ਤੇ ਮਾਰਿਆ-ਕੁੱਟਿਆ ਜਾਂਦਾ ਹੈ, ਮਾਨੋ ਦਸ ਨੰਬਰੀਆ ਹੋਵੇ। ਅਜਿਹੇ ਵਿਹਲੜ ਨਾ ਆਪ ਅਮਨ-ਸ਼ਾਂਤੀ ਨਾਲ ਰਹਿੰਦੇ ਹਨ ਤੇ ਨਾ ਹੀ ਵੇਲੇ ਦੀ ਸਰਕਾਰ ਨੂੰ ਸੁੱਖ-ਅਰਾਮ ਨਾਲ ਰਾਜ ਕਰਨ ਦਿੰਦੇ ਹਨ। ਹਰ ਨਵੀਂ ਸਵੇਰ ਕੋਈ ਨਵੀਂ ਕਰਤੂਤ ਕਰ ਵਿਖਾਉਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਵਿਹਲੜਾਂ ਨੂੰ ਕਿਸੇ ਨਾ ਕਿਸੇ ਆਹਰੇ ਲਾਵੇ ਤਾਂ ਜੋ ਇਨ੍ਹਾਂ ਦਾ ਮਨ ਸ਼ੈਤਾਨੀਆਂ ਬਾਰੇ ਨਾ ਸੋਚ ਸਕੇ। ਨਾਲੇ ਹਰ ਸੂਝਵਾਨ ਪ੍ਰਾਣੀ ਨੂੰ ਆਪਣੇ ਮਨ ਦੀਆਂ ਵਾਗਾਂ ਦੇਵ ਦੇ ਹੱਥ ਵਿੱਚ ਫੜਾਉਣੀਆਂ ਚਾਹੀਦੀਆਂ ਹਨ ਨਾ ਕਿ ਦੈਂਤ ਦੇ ਹੱਥ ਵਿੱਚ। ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੋ ਉਹ ਸਰੀਰਿਕ ਕਾਰਜ ਕਰਦਿਆਂ ਮਨ ਕਰਤਾਰ ਵੱਲ ਲਾਈ ਰੱਖੇ ਅਤੇ ਮਾੜੇ ਵਿਚਾਰਾਂ ਨੂੰ ਪੈਦਾ ਹੀ ਨਾ ਹੋਣ ਦੇਵੇ। ਇਸ ਤਰ੍ਹਾਂ ਉਹ ਵਿਹਲੇ ਰਹਿਣ ਦੇ ਦੁਖਦਾਈ ਰੋਗ ਤੋਂ ਬਚ ਸਕੇਗਾ।