ਪੈਰਾ ਰਚਨਾ : ਵਿਦੇਸ਼ ਜਾਣ ਦਾ ਰੁਝਾਨ ਜਾਂ ਜਨੂੰਨ


ਪਿਛਲੇ ਕੁਝ ਸਮੇਂ ਤੋਂ ਲੋਕਾਂ ਵਿੱਚ, ਖ਼ਾਸ ਕਰ ਕੇ ਪੰਜਾਬ ਦੇ ਲੋਕਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ : ਰੋਟੀ, ਕੱਪੜਾ ਤੇ ਮਕਾਨ। ਇਨ੍ਹਾਂ ਦੀ ਪੂਰਤੀ ਲਈ ਉਸ ਨੂੰ ਕਈ ਤਰ੍ਹਾਂ ਦੇ ਜਫ਼ਰ ਜਾਲਣੇ ਪੈਂਦੇ ਹਨ, ਹੱਡ – ਭੰਨਵੀਂ ਮਿਹਨਤ ਕਰਨੀ ਪੈਂਦੀ ਹੈ, ਦੇਸੋਂ ਪਰਦੇਸ ਜਾਣਾ ਪੈਂਦਾ ਹੈ। ਸਾਡੇ ਦੇਸ਼ ਦੇ ਅਨੇਕ ਨੌਜਵਾਨ ਹਨ, ਜੋ ਕਿਸੇ ਨਾ ਕਿਸੇ ਮਜਬੂਰੀ ਕਾਰਨ ਵਿਦੇਸ਼ ਜਾਂਦੇ ਹਨ, ਜਿਵੇਂ ਅੱਜ ਦਾ ਨੌਜਵਾਨ ਆਪਣੇ ਦੇਸ਼ ਵਿੱਚ ਹੱਥੀਂ ਕੰਮ ਕਰ ਕੇ ਰਾਜ਼ੀ ਨਹੀਂ। ਕਿਸਾਨ ਦਾ ਪੁੱਤ ਕਿਸਾਨੀ ਧੰਦਾ ਅਪਣਾਉਣ ਤੋਂ ਇਨਕਾਰੀ ਹੈ। ਪੈਸਾ ਕਮਾਉਣ ਲਈ ਵਿਦੇਸ਼ ਵਿੱਚ ਜਾ ਕੇ ਭਾਵੇਂ ਉਹ ਹਰ ਨਿੱਕਾ-ਮੋਟਾ ਕੰਮ ਕਰ ਲਵੇ, ਕਿਉਂਕਿ ਉਥੇ ਆਪਣਿਆਂ ਤੋਂ ਓਹਲਾ ਹੁੰਦਾ ਹੈ ਤੇ ਦੂਜਾ ਉਥੇ ਵਿਹਲੇ ਰਹਿ ਕੇ ਵੀ ਸਰਦਾ ਨਹੀਂ। ਵਿਦੇਸ਼ੀ ਚਕਾਚੌਂਧ ਵਾਲੀ ਜ਼ਿੰਦਗੀ, ਸ਼ੁਹਰਤ, ਪੈਸਾ ਉਜਵਲ ਭਵਿੱਖ ਆਦਿ ਉਸ ਦੇ ਦਿਲ ਵਿੱਚ ਵਿਦੇਸ਼ੀ ਬਣ ਕੇ ਰਹਿਣ ਦਾ ਲਾਲਚ ਲਿਆ ਦਿੰਦੇ ਹਨ। ਵਿਦੇਸ਼ਾਂ ਵਿੱਚ ਵਿਕਾਸ ਦੇ ਮੌਕੇ ਵਧੇਰੇ ਹੁੰਦੇ ਹਨ। ਵਿੱਦਿਆ ਪ੍ਰਾਪਤੀ ਲਈ ਗਏ ਹੋਏ ਵਿਦਿਆਰਥੀਆਂ ਨੂੰ ਵੀ ਬੇਸ਼ੁਮਾਰ ਸਹੂਲਤਾਂ ਮਿਲਦੀਆਂ ਹਨ, ਜਿਸ ਨਾਲ ਉਹ ਸਵੈ-ਨਿਰਭਰ ਹੋ ਸਕਦੇ ਹਨ। ਵਿਦੇਸ਼ ਜਾਣਾ ਏਨਾ ਸਰਲ ਨਹੀਂ। ਇਸ ਲਈ ਲੋਕ ਕਰਜ਼ੇ ਚੁੱਕਦੇ ਹਨ, ਉਪਜਾਊ ਜ਼ਮੀਨਾਂ ਵੇਚ ਲੈਂਦੇ ਹਨ, ਤਾਂ ਜੁ ਵਿਦੇਸ਼ ਜਾਇਆ ਜਾ ਸਕੇ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਜਨੂੰਨ ਬਹੁਤੀਆਂ ਖ਼ੁਸ਼ਹਾਲੀਆਂ ਵਾਲਾ ਘੱਟ ਤੇ ਚਿੰਤਾਵਾਂ ਵਾਲਾ ਵਧੇਰੇ ਹੈ। ਇਸ ਲਈ ਆਪਣੀ ਹੈਸੀਅਤ, ਲਿਆਕਤ, ਸਮਰੱਥਾ, ਇਕਾਗਰਤਾ ਤੇ ਲਗਨ ਨਾਲ ਆਪਣੇ ਦੇਸ਼ ਵਿੱਚ ਮਿਹਨਤ ਕਰੋ। ਇੱਥੇ ਹੀ ਵਿਦੇਸ਼ਾਂ ਵਰਗੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ।