ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’ ਪੰਜਾਬੀ ਦੀ ਇਕ ਪ੍ਰਸਿੱਧ ਅਖਾਣ ਹੈ। ਇਸ ਦਾ ਭਾਵ ਹੈ ਕਿ ਮਨੁੱਖ ਦੀਆਂ ਆਦਤਾਂ ਉਸ ਦੇ ਮਰਨ ਤਕ ਉਸ ਦੇ ਨਾਲ ਹੀ ਜਾਂਦੀਆਂ ਹਨ। ਇਸੇ ਭਾਵ ਨੂੰ ਦ੍ਰਿੜ੍ਹ ਕਰਦੇ ਹੋਏ ਹੀ ਵਾਰਸ ਸ਼ਾਹ ਵਰਗੇ ਅਨੁਭਵੀ ਕਦੇ ਕਵੀ ਨੇ ਲਿਖਿਆ ਹੈ, ‘ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।’ ਵਿਚਾਰਵਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ, ਤਾਂ ਉਸ ਦਾ ਸਾਡੇ ਮਨ ਉੱਪਰ ਸੰਸਕਾਰ ਰਹਿ ਜਾਂਦਾ ਹੈ। ਜਦੋਂ ਅਸੀਂ ਉਹ ਕੰਮ ਵਾਰ-ਵਾਰ ਕਰਦੇ ਹਾਂ ਤਾਂ ਇਹ ਪੱਕੇ ਹੋਏ ਸੰਸਕਾਰ ਮਿਲ ਕੇ ਸਾਡਾ ਸੁਭਾਅ ਬਣ ਜਾਂਦਾ ਹੈ। ਇਸ ਪ੍ਰਕਾਰ ਹੀ ਹਰ ਆਦਮੀ ਦੇ ਬੋਲਣ ਤੁਰਨ-ਫਿਰਨ, ਦੇਖਣ ਤੇ ਕਾਰਜ ਕਰਨ ਦਾ ਸੁਭਾਅ ਪੱਕਾ ਹੋਇਆ ਹੁੰਦਾ ਹੈ। ਸਾਡੇ ਸੁਭਾਅ ਦੀ ਉਸਾਰੀ ਕਰਨ ਵਾਲੀਆਂ ਆਦਤਾਂ ਇੰਨੀਆਂ ਬਲਵਾਨ ਹੋ ਜਾਂਦੀਆਂ ਹਨ ਕਿ ਇਨ੍ਹਾਂ ਸਾਹਮਣੇ ਮਨੁੱਖ ਦੀ ਬੁੱਧੀ, ਵਿਚਾਰ ਜਾਂ ਸਿਆਣਪ ਦੀ ਕੋਈ ਪੇਸ਼ ਨਹੀਂ ਜਾਂਦੀ। ਇਹ ਮਨੁੱਖ ਨੂੰ ਪੂਰੀ ਤਰ੍ਹਾਂ ਆਪਣਾ ਗ਼ੁਲਾਮ ਬਣਾ ਕੇ ਉਸ ਨੂੰ ਮਦਾਰੀ ਵਾਂਗ ਨਚਾਉਂਦੀਆਂ ਹਨ ਤੇ ਬਦੋ-ਬਦੀ ਆਪਣੀ ਚੁੰਗਲ ਵਿਚ ਫਸਾ ਕੇ ਉਸ ਨੂੰ ਬੁਰਾਈ ਵਲ ਲਿਜਾਂਦੀਆਂ ਹਨ। ਮਨੁੱਖ ਇਨ੍ਹਾਂ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਹੁੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ”ਜ਼ਹਿਮਤ ਜਾਂਦੀ ਦਾਰੂਆਂ, ਆਦਤ ਸਿਰ ਦੇ ਨਾਲ।” ਅਰਥਾਤ ਸਰੀਰਕ ਰੋਗ ਤਾਂ ਢੁੱਕਵੀਂ ਦਵਾਈ ਕਰਨ ਨਾਲ ਠੀਕ ਹੋ ਜਾਂਦਾ ਹੈ, ਪਰ ਪੱਕੀ ਹੋਈ ਆਦਤ ਮਨੁੱਖ ਦੇ ਜਿਊਂਦੇ ਜੀ ਉਸ ਦਾ ਪਿੱਛਾ ਨਹੀਂ ਛੱਡਦੀ। ਇਸ ਕਰਕੇ ਸਾਨੂੰ ਆਪਣੀਆਂ ਤੇ ਖ਼ਾਸ ਕਰ ਕੇ ਬੱਚਿਆਂ ਦੀਆਂ ਆਦਤਾਂ ਵਲ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਅਸੀਂ ਆਪਣੀ ਅਤੇ ਭਵਿੱਖ ਦੇ ਸਮਾਜ, ਕੌਮ ਤੇ ਦੇਸ਼ ਦੇ ਉਸਰੱਈਏ ਬੱਚਿਆਂ ਦੀ ਪੂਰਨ ਸ਼ਖ਼ਸੀਅਤ ਦੀ ਉਸਾਰੀ ਕਰ ਸਕਾਂਗੇ।