ਪੈਰਾ ਰਚਨਾ : ਵਾਤਾਵਰਨ ਦੀ ਸੰਭਾਲ
ਵਾਤਾਵਰਨ ਉਸ ਆਲ਼ੇ-ਦੁਆਲ਼ੇ ਨੂੰ ਕਹਿੰਦੇ ਹਨ ਜਿਸ ਵਿੱਚ ਅਸੀਂ ਰਹਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਜਿਸ ਵਾਤਾਵਰਨ ਵਿੱਚ ਅਸੀਂ ਸਾਹ ਲੈਂਦੇ ਹਾਂ ਉਹ ਹਵਾ ਹੀ ਸ਼ੁੱਧ ਨਹੀਂ ਹੈ। ਕਈ ਤਰ੍ਹਾਂ ਦੇ ਜ਼ਹਿਰੀਲੇ ਕਣਾਂ, ਜ਼ਹਿਰੀਲੀਆਂ ਗੈਸਾਂ, ਸਨਅਤੀ ਇਕਾਈਆਂ ਦੀਆਂ ਚਿਮਨੀਆਂ ਅਤੇ ਡੀਜ਼ਲ/ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਧੂਏ, ਪ੍ਰਮਾਣੂ ਵਿਸਫੋਟਾਂ ਦੇ ਤਜਰਬਿਆਂ ਅਤੇ ਬਿਜਲੀ ਉਪਕਰਨਾਂ ਵਿੱਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਨੇ ਹਵਾ ਨੂੰ ਇੱਥੋਂ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਇਸ ਵਿੱਚ ਸਾਹ ਲੈਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ; ਜਿਵੇਂ ਦਮਾ, ਖੰਘ, ਕੈਂਸਰ ਆਦਿ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹਾ ਵਾਤਾਵਰਨ ਜੀਵ-ਜੰਤੂਆਂ ਲਈ ਵੀ ਬਹੁਤ ਨੁਕਸਾਨਦਾਇਕ ਹੈ। ਦੂਸਰੇ ਪਾਸੇ ਧਰਤੀ ਉੱਪਰਲਾ ਪਾਣੀ ਵੀ ਜ਼ਹਿਰੀਲਾ ਹੋ ਚੁੱਕਾ ਹੈ। ਸਨਅਤੀ ਇਕਾਈਆਂ ਵਿੱਚੋਂ ਨਿਕਲਦਾ ਜ਼ਹਿਰੀਲਾ ਪਾਣੀ ਅਤੇ ਸੀਵਰੇਜ ਦਾ ਗੰਦ-ਮੰਦ ਨਹਿਰਾਂ ਅਤੇ ਨਦੀਆਂ ਵਿੱਚ ਸੁੱਟਿਆ ਜਾਂਦਾ ਹੈ ਜਿਸ ਕਾਰਨ ਇਹ ਪਾਣੀ ਫ਼ਸਲਾਂ ਅਤੇ ਪਸ਼ੂਆਂ ਲਈ ਨੁਕਸਾਨਦਾਇਕ ਸਾਬਤ ਹੁੰਦਾ ਹੈ। ਖੇਤੀ ਲਈ ਵਰਤੀਆਂ ਜਾਂਦੀਆਂ ਖਾਦਾਂ ਅਤੇ ਫ਼ਸਲਾਂ ‘ਤੇ ਛਿੜਕਣ ਵਾਲੀਆਂ ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਦਾ ਅਸਰ ਨਾ ਕੇਵਲ ਵਾਤਾਵਰਨ ‘ਤੇ ਹੀ ਹੋ ਰਿਹਾ ਹੈ ਸਗੋਂ ਧਰਤੀ ਹੇਠਲੇ ਪਾਣੀ ‘ਤੇ ਵੀ ਇਸ ਦਾ ਅਸਰ ਹੁੰਦਾ ਹੈ। ਹੁਣ ਦੇਖਣ ਵਾਲ਼ੀ ਗੱਲ ਇਹ ਹੈ ਕਿ ਵਾਤਾਵਰਨ ਦੀ ਸੰਭਾਲ ਕਿਵੇਂ ਕੀਤੀ ਜਾਵੇ? ਸਭ ਤੋਂ ਜ਼ਰੂਰੀ ਇਹ ਹੈ ਕਿ ਦਰਖ਼ਤ ਨਾ ਕੱਟੇ ਜਾਣ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਮਦਦ ਕਰਦੇ ਹਨ। ਨਵੇਂ ਪੌਦੇ ਲਾਉਣੇ ਬਹੁਤ ਜ਼ਰੂਰੀ ਹਨ ਤਾਂ ਜੋ ਲੋੜ ਪੈਣ ‘ਤੇ ਪੁਰਾਣੇ ਰੁੱਖਾਂ ਦੀ ਵਰਤੋਂ ਹੋ ਸਕੇ। ਅਬਾਦੀ ਵਿੱਚ ਲਗਾਤਾਰ ਹੋ ਰਹੇ ਵਾਧੇ ‘ਤੇ ਰੋਕ ਲਾਉਣੀ ਹੋਰ ਵੀ ਜ਼ਰੂਰੀ ਹੈ। ਇਸ ਨਾਲ ਵਾਤਾਵਰਨ ਨੂੰ ਸੁਧਾਰਨ ਵਿੱਚ ਬਹੁਤ ਮਦਦ ਮਿਲ ਸਕਦੀ ਹੈ । ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਊਰਜਾ-ਸਾਧਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਸੂਰਜੀ ਊਰਜਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਥਾਂ ਆਰਗੈਨਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੋਣੀ ਚਾਹੀਦੀ ਹੈ। ਸਾਨੂੰ ਵਿਅਕਤੀਗਤ ਤੌਰ ‘ਤੇ ਵੀ ਚਾਹੀਦਾ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਯੋਗਦਾਨ ਪਾਈਏ। ਜੇਕਰ ਅਸੀਂ ਪਹਿਲ ਦੇ ਆਧਾਰ ‘ਤੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਇਸ ਵਾਤਾਵਰਨ ਵਿੱਚ ਸਾਡੇ ਲਈ ਜਿਊਂਣਾ ਹੀ ਔਖਾ ਹੋ ਜਾਏਗਾ।