ਪੈਰਾ ਰਚਨਾ : ਵਧ ਰਿਹਾ ਫ਼ੈਸ਼ਨ


ਅਜੋਕਾ ਯੁੱਗ ਫ਼ੈਸ਼ਨ ਦਾ ਯੁੱਗ ਹੈ। ਫ਼ੈਸ਼ਨ ਇੱਕ ਤਰ੍ਹਾਂ ਦੀ ਨਕਲ ਹੈ ਜੋ ਅਸੀਂ ਦੂਸਰਿਆਂ ਨੂੰ ਦੇਖ ਕੇ ਕਰਦੇ ਹਾਂ। ਫ਼ੈਸ਼ਨ ਉਹ ਦਿਖਾਵਾ ਹੈ ਜੋ ਸਾਡੇ ਜੀਵਨ ਦੀ ਸਾਦਗੀ ਅਤੇ ਮੌਲਿਕਤਾ ਨੂੰ ਖ਼ਤਮ ਕਰ ਕੇ ਇਸ ਨੂੰ ਨਕਲੀ ਬਣਾਉਂਦਾ ਹੈ। ਨਕਲ ਦੀ ਇਹ ਰੁਚੀ ਸਾਡੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਵੇਸ਼ ਕਰ ਗਈ ਹੈ। ਸਾਡਾ ਪਹਿਰਾਵਾ, ਬੋਲ-ਚਾਲ ਅਤੇ ਵਰਤੋਂ-ਵਿਹਾਰ ਦਾ ਢੰਗ ਆਦਿ ਸਭ ਕੁਝ ਬਨਾਉਟੀ ਹੈ। ਫ਼ੈਸ਼ਨ ਦੀ ਦੌੜ ਵਿੱਚ ਅਸੀਂ ਆਪਣੀ ਸਾਦਗੀ ਅਤੇ ਮੌਲਿਕਤਾ ਨੂੰ ਤਿਆਗ ਕੇ ਨਕਲ ਪਿੱਛੇ ਭੱਜ ਰਹੇ ਹਾਂ। ਅੱਜ ਸਾਡੇ ਨੌਜਵਾਨ ਲੜਕੇ/ਲੜਕੀਆਂ ਫ਼ਿਲਮੀ ਕਲਾਕਾਰਾਂ ਦੀ ਨਕਲ ਕਰਦੇ ਹਨ। ਪਹਿਨਣ ਲਈ ਭਾਵੇਂ ਸਾਡੇ ਕੋਲ ਕਿੰਨੇ ਵੀ ਕੱਪੜੇ ਕਿਉਂ ਨਾ ਹੋਣ ਪਰ ਜਦ ਅਸੀਂ ਦੂਸਰਿਆਂ ਨੂੰ ਕਿਸੇ ਖ਼ਾਸ ਕਿਸਮ ਦਾ ਪਹਿਰਾਵਾ ਪਾਈ ਦੇਖਦੇ ਹਾਂ ਤਾਂ ਅਸੀਂ ਵੀ ਉਸ ਦੀ ਨਕਲ ਕਰਦੇ ਹਾਂ ਭਾਵੇਂ ਕਿ ਇਸ ਵਿੱਚ ਪੈਸੇ ਦੀ ਹੀ ਬਰਬਾਦੀ ਕਿਉਂ ਨਾ ਹੋਵੇ। ਫ਼ੈਸ਼ਨ ਦੇ ਇਸ ਦੌਰ ਵਿੱਚ ਵਿਆਹੀ ਅਤੇ ਕੁਆਰੀ ਕੁੜੀ ਦੀ ਪਹਿਚਾਣ ਕਰਨੀ ਔਖੀ ਹੈ। ਹੁਣ ਤਾਂ ਕੁੜੀਆਂ ਨੇ ਦੇਖਾ-ਦੇਖੀ ਮੁੰਡਿਆਂ ਵਾਲੇ ਕੱਪੜੇ ਵੀ ਪਾਉਣੇ ਸ਼ੁਰੂ ਕਰ ਦਿੱਤੇ ਹਨ। ਪਹਿਰਾਵੇ ਤੋਂ ਬਿਨਾਂ ਸਾਡੀ ਬੋਲ-ਚਾਲ ਵੀ ਨਕਲੀ ਅਤੇ ਦਿਖਾਵੇ ਦੀ ਬਣ ਕੇ ਰਹਿ ਗਈ ਹੈ। ਸਾਡੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਵਰਤੋਂ ਦੀ ਆਦਤ ਇੱਕ ਫ਼ੈਸ਼ਨ ਬਣਦੀ ਜਾ ਰਹੀ ਹੈ। ਪਰ ਸਾਨੂੰ ਅਜਿਹੀਆਂ ਆਦਤਾਂ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਦਿਖਾਵੇ ਨਾਲ਼ੋਂ ਸਾਦਗੀ ਵਿੱਚ ਵਿਸ਼ਵਾਸ ਰੱਖੀਏ।