ਪੈਰਾ ਰਚਨਾ : ਵਕਤ ਜਾਂ ਸਮੇਂ ਦੀ ਪਾਬੰਦੀ
ਵਕਤ/ਸਮੇਂ ਦਾ ਪਹੀਆ ਲਗਾਤਾਰ ਚੱਲਦਾ ਰਹਿੰਦਾ ਹੈ ਅਤੇ ਇਸ ਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਸਕਦਾ। ਪਰ ਵਕਤ/ਸਮੇਂ ਦੀ ਤਾਂ ਪਾਬੰਦੀ ਨੂੰ ਨਿਭਾ ਕੇ ਅਸੀਂ ਇਸ ਦੀ ਯੋਗ ਵਰਤੋਂ ਜ਼ਰੂਰ ਕਰ ਸਕਦੇ ਹਾਂ। ਦਿਨ ਭਰ ਵਿੱਚ ਵਕਤ/ਸਮਾਂ ਤਾਂ ਸਾਰਿਆਂ ਲਈ ਬਰਾਬਰ ਹੁੰਦਾ ਹੈ ਪਰ ਏ ਕੋਈ ਇਸ ਨੂੰ ਵਿਹਲੇ ਰਹਿ ਕੇ ਗੁਆ ਛੱਡਦਾ ਹੈ ਅਤੇ ਕੋਈ ਸਖ਼ਤ ਮਿਹਨਤ ਅਤੇ ਕੰਮ ਕਰ ਕੇ ਇਸ ਨੂੰ ਸਾਰਥਿਕ ਬਣਾ ਲੈਂਦਾ ਹੈ। ਲੋੜ ਇਸ ਬੇਪਤ ਗੱਲ ਦੀ ਹੁੰਦੀ ਹੈ ਕਿ ਅਸੀਂ ਵਕਤ ਦੀ ਕਦਰ ਕਰੀਏ ਅਤੇ ਹਮੇਸ਼ਾਂ ਸਮੇਂ ਦੇ ਪਾਬੰਦ ਰਹੀਏ। ਹਰ ਕੰਮ ਸਮੇਂ ਸਿਰ ਕੀਤਾ ਹੀ ਚੰਗਾ ਲੱਗਦਾ ਹੈ। ਈਦ ਪਿੱਛੋਂ ਤੰਬਾ ਫੂਕਣ ਦਾ ਕੋਈ ਲਾਭ ਨਹੀਂ ਹੁੰਦਾ। ਇਸ ਲਈ ਸਾਨੂੰ ਹਰ ਕੰਮ ਸਮੇਂ ਸਿਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਸਵੇਰੇ ਸਮੇਂ ਸਿਰ ਉੱਠਣਾ, ਨਹਾਉਣਾ, ਨਾਸ਼ਤਾ ਲੈਣਾ ਅਤੇ ਫਿਰ ਸਮੇਂ ਸਿਰ ਸਕੂਲ ਜਾਂ ਦਫ਼ਤਰ ਜਾਣਾ ਇੱਕ ਚੰਗੀ ਆਦਤ ਹੈ। ਸਮੇਂ ਸਿਰ ਕੰਮ ਕਰਨ ਨਾਲ ਕੰਮ ਅਸਾਨੀ ਨਾਲ ਹੋ ਜਾਂਦਾ ਹੈ ਜਦ ਕਿ ਸਮੇਂ ਤੋਂ ਬਾਅਦ ਕੰਮ ਕਰਨ ਨਾਲ ਅਕਸਰ ਪ੍ਰੇਸ਼ਾਨੀ ਹੁੰਦੀ ਹੈ। ਪਰ ਸਾਡੇ ਦੇਸ ਵਿੱਚ ਲੋਕ ਵਕਤ/ਸਮੇਂ ਦੇ ਬਹੁਤੇ ਪਾਬੰਦ ਨਹੀਂ। ਸਮੇਂ ਸਿਰ ਡਿਊਟੀ ‘ਤੇ ਹਾਜ਼ਰ ਨਾ ਹੋਣਾ, ਕਿਸੇ ਨੂੰ ਟਾਇਮ ਦੇ ਕੇ ਲੇਟ ਪਹੁੰਚਣਾ ਆਦਿ ਸਾਡੇ ਲੋਕਾਂ ਦੀ ਇੱਕ ਆਦਤ ਬਣ ਗਈ ਹੈ। ਇੱਥੋਂ ਤੱਕ ਕਿ ਸਾਡੇ ਦੇਸ ਦੇ ਨੇਤਾਵਾਂ ਨੂੰ ਵੀ ਵਕਤ ਦੀ ਪਾਬੰਦੀ ਦੀ ਕੋਈ ਪਰਵਾਹ ਨਹੀਂ। ਸਮਾਗਮਾਂ ‘ਤੇ ਲੇਟ ਪਹੁੰਚਣ ਵਿੱਚ ਸ਼ਾਇਦ ਉਹ ਆਪਣੀ ਸ਼ਾਨ ਸਮਝਦੇ ਹਨ। ਚਾਹੀਦਾ ਤਾਂ ਇਹ ਹੈ ਕਿ ਸਾਡੇ ਨੇਤਾ ਸਮੇਂ ਦੀ ਕਦਰ ਕਰਨ ਅਥਵਾ ਸਮੇਂ ਦੇ ਪਾਬੰਦ ਹੋ ਕੇ ਦੂਸਰਿਆਂ ਲਈ ਮਿਸਾਲ ਪੈਦਾ ਕਰਨ। ਵਕਤ ਦੇ ਪਾਬੰਦ ਰਹਿਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਅਜਿਹਾ ਨਾ ਕਰਨ ਨਾਲ ਅਸੀਂ ਦੂਸਰਿਆਂ ਤੋਂ ਪਿੱਛੇ ਰਹਿ ਜਾਵਾਂਗੇ ਅਤੇ ਮੁੜ ਉਹਨਾਂ ਨਾਲ ਰਲ਼ਨਾ ਸਾਡੇ ਲਈ ਮੁਸ਼ਕਲ ਹੋ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਵਕਤ/ਸਮੇਂ ਦੇ ਪਾਬੰਦ ਰਹੀਏ।