ਪੈਰਾ ਰਚਨਾ : ਰੇਲਵੇ ਸਟੇਸ਼ਨ ਦਾ ਦ੍ਰਿਸ਼


ਰੇਲਵੇ ਸਟੇਸ਼ਨ ਦੀ ਵੀ ਆਪਣੀ ਇੱਕ ਅਲੱਗ ਦੁਨੀਆਂ ਹੈ। ਛੋਟੇ ਸਟੇਸ਼ਨਾਂ ‘ਤੇ ਤਾਂ ਹਰ ਰ ਰੋਜ਼ ਥੋੜ੍ਹੀਆਂ ਹੀ ਗੱਡੀਆਂ ਠਹਿਰਦੀਆਂ ਹਨ ਪਰ ਵੱਡੇ ਸਟੇਸ਼ਨਾਂ ‘ਤੇ ਗੱਡੀਆਂ ਦੀ ਆਵਾਜਾਈ ਜਾਰੀ ਰਹਿੰਦੀ ਹੈ। ਛੋਟੇ ਸਟੇਸ਼ਨਾਂ ‘ਤੇ ਵੀ ਮੁਸਾਫ਼ਰਾਂ ਦੇ ਬੈਠਣ ਲਈ ਥਾਂ ਹੁੰਦੀ ਹੈ ਪਰ ਵੱਡੇ ਸਟੇਸ਼ਨਾਂ ‘ਤੇ ਤਾਂ ਉਡੀਕ-ਘਰਾਂ ਤੋਂ ਬਿਨਾਂ ਮੁਸਾਫ਼ਰਾਂ ਦੇ ਖਾਣੇ ਤੇ ਉਹਨਾਂ ਦੇ ਅਰਾਮ ਦਾ ਵੀ ਪ੍ਰਬੰਧ ਹੁੰਦਾ ਹੈ। ਪੁੱਛ-ਗਿੱਛ ਲਈ ਇੱਕ ਵੱਖਰਾ ਕਾਊਂਟਰ ਵੀ ਹੁੰਦਾ ਹੈ। ਛੋਟੇ ਸਟੇਸ਼ਨਾਂ ‘ਤੇ ਤਾਂ ਗੱਡੀ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਟਿਕਟ-ਖਿੜਕੀ ‘ਤੇ ਮੁਸਾਫ਼ਰਾਂ ਦੀ ਲਾਈਨ ਲੱਗਦੀ ਹੈ ਪਰ ਵੱਡੇ ਸਟੇਸ਼ਨਾਂ ਦੀਆਂ ਟਿਕਟ-ਖਿੜਕੀਆਂ ‘ਤੇ ਮੁਸਾਫ਼ਰਾਂ ਦੀ ਭੀੜ ਲੱਗੀ ਹੀ ਰਹਿੰਦੀ ਹੈ। ਮੁਸਾਫ਼ਰ ਟਿਕਟ ਖ਼ਰੀਦ ਕੇ ਉਸ ਪਲੇਟਫ਼ਾਰਮ ‘ਤੇ ਪੁੱਜ ਜਾਂਦੇ ਹਨ ਜਿੱਥੋਂ ਉਹਨਾਂ ਨੇ ਗੱਡੀ ਚੜ੍ਹਨਾ ਹੁੰਦਾ ਹੈ। ਵੱਡੇ ਸਟੇਸ਼ਨ ‘ਤੇ ਤਾਂ ਗੱਡੀ ਦੇ ਆਉਣ ਸਮੇਂ ਇੱਕ ਮੇਲਾ ਹੀ ਲੱਗ ਜਾਂਦਾ ਹੈ। ਚਾਏ ਗਰਮ, ਅਖ਼ਬਾਰ ਅਤੇ ਬੂਟ ਪਾਲਿਸ਼ ਆਦਿ ਦੀਆਂ ਅਵਾਜ਼ਾਂ ਕੰਨੀ ਪੈਂਦੀਆਂ ਹਨ। ਕੁਲੀ ਮੁਸਾਫ਼ਰਾਂ ਦਾ ਸਮਾਨ ਚੁੱਕੀ ਨਜ਼ਰ ਆਉਂਦੇ ਹਨ। ਮੁਸਾਫ਼ਰ ਦੂਰੋਂ ਹੀ ਗੱਡੀ ਆਉਂਦੀ ਦੇਖ ਕੇ ਇਸ ਵਿੱਚ ਸਵਾਰ ਹੋਣ ਲਈ ਤਿਆਰ ਹੋ ਜਾਂਦੇ ਹਨ। ਕੁਝ ਮੁਸਾਫ਼ਰ ਗੱਡੀ ਦੇ ਰੁਕਣ ਤੋਂ ਪਹਿਲਾਂ ਹੀ ਇਸ ਵਿੱਚ ਚੜ੍ਹਨ ਦੀ ਕੋਸ਼ਸ਼ ਕਰਦੇ ਹਨ। ਗੱਡੀ ਦੇ ਖੜ੍ਹੀ ਹੋਣ ‘ਤੇ ਹਰ ਕੋਈ ਇੱਕ-ਦੂਜੇ ਤੋਂ ਪਹਿਲਾਂ ਉਤਰਨਾ ਅਤੇ ਚੜ੍ਹਨਾ ਚਾਹੁੰਦਾ ਹੈ। ਗੱਡੀ ਦੇ ਚੱਲਣ ‘ਤੇ ਲੋਕ ਆਪਣੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵਿਦਾ ਕਰਦੇ ਹਨ। ਹਰ ਰੋਜ਼ ਰੇਲਵੇ ਸਟੇਸ਼ਨ ਤੋਂ ਅਨੇਕਾਂ ਮੁਸਾਫ਼ਰ ਗੱਡੀਆਂ ਵਿੱਚ ਸਵਾਰ ਹੋ ਕੇ ਆਪਣੀ ਮੰਜ਼ਲ ਵੱਲ ਰਵਾਨਾ ਹੁੰਦੇ ਹਨ ਅਤੇ ਅਨੇਕਾਂ ਲੋਕ ਆਪਣੇ ਕੰਮ-ਕਾਰ ਕਰ ਕੇ ਆਪਣੇ ਘਰਾਂ ਨੂੰ ਵਾਪਸ ਤਉਹਾਰ ਆਉਂਦੇ ਹਨ। ਸੱਚ-ਮੁੱਚ ਰੇਲਵੇ ਸਟੇਸ਼ਨ ਵੀ ਆਪਣੇ ਆਪ ਵਿੱਚ ਇੱਕ ਅਨੋਖੀ ਦੁਨੀਆਂ ਹੈ।