ਸਫ਼ਰ ਦੇ ਲਾਭ : ਪੈਰਾ ਰਚਨਾ
ਸਫ਼ਰ ਮਨੁੱਖੀ ਜੀਵਨ ਦਾ ਅਟੁੱਟ ਅੰਗ ਹੈ। ਇਸ ਦੀ ਵਿਦਿਆਰਥੀ ਜੀਵਨ ਵਿਚ ਬਹੁਤ ਮਹਾਨਤਾ ਹੈ। ਇਹ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਵਿਚ ਪੁਸਤਕਾਂ ਨਾਲੋਂ ਵੀ ਵੱਧ ਹਿੱਸਾ ਪਾਉਂਦਾ ਹੈ। ਅਸੀਂ ਜੋ ਕੁੱਝ ਅੱਖਾਂ ਨਾਲ ਦੇਖਦੇ ਹਾਂ, ਉਸ ਦਾ ਮਨ ਉੱਤੇ ਕਿਤਾਬਾਂ ਵਿਚ ਪੜ੍ਹੇ ਨਾਲੋਂ ਕਿਤੇ ਵੱਧ ਪ੍ਰਭਾਵ ਪੈਂਦਾ ਹੈ। ਇੰਗਲੈਂਡ ਵਿਚ 16ਵੀਂ ਅਤੇ 17ਵੀਂ ਸਦੀ ਵਿਚ ਵਿਦਿਆਰਥੀ ਦੀ ਪੜ੍ਹਾਈ ਨੂੰ ਓਨਾ ਚਿਰ ਪੂਰਨਤਾ ‘ਤੇ ਪੁੱਜੀ ਨਹੀਂ ਸੀ ਸਮਝਿਆ ਜਾਂਦਾ, ਜਿੰਨਾ ਚਿਰ ਉਸ ਨੇ ਸਾਰੇ ਮਹਾਂਦੀਪਾਂ ਦੀ ਯਾਤਰਾ ਨਾ ਕੀਤੀ ਹੋਵੇ। ਇਤਿਹਾਸ, ਭੂਗੋਲ ਅਤੇ ਸਮਾਜ ਵਿਗਿਆਨ ਦੀ ਪੜ੍ਹਾਈ ਲਈ ਯਾਤਰਾਵਾਂ ਕਰਨ ਤੋਂ ਇਲਾਵਾ ਹੋਰ ਕੋਈ ਸਾਧਨ ਉੱਤਮ ਨਹੀਂ ਮੰਨਿਆ ਜਾ ਸਕਦਾ। ਦਿੱਲੀ, ਫ਼ਤਹਿਪੁਰ ਸੀਕਰੀ, ਸਾਰਨਾਥ ਤੇ ਅਜੰਤਾ-ਅਲੋਰਾ ਦੀ ਯਾਤਰਾ ਜਿੱਥੇ ਵਿਦਿਆਰਥੀਆਂ ਦਾ ਦਿਲ ਪਰਚਾਵਾ ਕਰਦੀ ਹੈ, ਉੱਥੇ ਉਨ੍ਹਾਂ ਦੀ ਵਿੱਦਿਅਕ ਉਸਾਰੀ ਵੀ ਕਰਦੀ ਹੈ। ਪੁਰਾਤਨ ਯਾਦਗਾਰਾਂ ਤੇ ਇਤਿਹਾਸਿਕ ਇਮਾਰਤਾਂ ਦਾ ਨਜ਼ਾਰਾ ਇਤਿਹਾਸ ਦੀਆਂ ਪੁਸਤਕਾਂ ਦੇ ਸਫ਼ਿਆਂ ਵਿਚਲੇ ਰੁੱਖੇ ਵਰਣਨ ਨਾਲੋਂ ਕਿਤੇ ਵਧੇਰੇ ਜੀਵਨਮਈ ਹੁੰਦਾ ਹੈ। ਸਫ਼ਰ ਤੇ ਯਾਤਰਾਵਾਂ ਸਾਨੂੰ ਦੂਜੇ ਖੇਤਰਾਂ ਅਤੇ ਦੇਸ਼ਾਂ ਦੇ ਲੋਕਾਂ ਦੀ ਸਮਾਜਿਕ, ਰਾਜਨੀਤਿਕ ਤੇ ਆਰਥਿਕ ਹਾਲਤ ਦੇ ਅਧਿਐਨ ਦਾ ਸਭ ਤੋਂ ਉੱਤਮ ਮੌਕਾ ਬਖ਼ਸ਼ਦੀਆਂ ਹਨ। ਸਫ਼ਰ ਹੀ ਇਕ ਅਜਿਹਾ ਯਕੀਨੀ ਸਾਧਨ ਹੈ, ਜਿਸ ਨਾਲ ਅਸੀਂ ਕਿਸੇ ਸਥਾਨ ਅਤੇ ਉੱਥੋਂ ਦੇ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਜੁੜ ਜਾਂਦੇ ਹਾਂ ਅਤੇ ਸਾਡੇ ਉਹਨਾਂ ਸੰਬੰਧੀ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ। ਇਸ ਪ੍ਰਕਾਰ ਸਫ਼ਰ ਸਾਡੇ ਦ੍ਰਿਸ਼ਟੀਕੋਣ ਨੂੰ ਚੌੜੇਰਾ ਤੇ ਖੁੱਲ੍ਹਾ ਕਰ ਦਿੰਦਾ ਹੈ। ਜਿਹੜਾ ਵਿਅਕਤੀ ਇਕ ਸੌੜੇ ਜਿਹੇ ਪਿੰਡ, ਸ਼ਹਿਰ ਜਾਂ ਸੂਬੇ ਵਿਚ ਰਹਿ ਕੇ ਹੀ ਸਾਰਾ ਜੀਵਨ ਗੁਜ਼ਾਰ ਦਿੰਦਾ ਹੈ, ਉਸ ਦੀ ਹਾਲਤ ਖੂਹ ਦੇ ਡੱਡੂ ਵਰਗੀ ਹੁੰਦੀ ਹੈ। ਦੂਰ-ਦੂਰ ਤਕ ਭਉਣ-ਚਉਣ ਵਾਲੇ ਆਦਮੀ ਦਾ ਅਨੁਭਵ ਤੇ ਗਿਆਨ ਵਿਸ਼ਾਲ ਹੁੰਦਾ ਹੈ। ਉਸ ਵਿਚ ਮਨੁੱਖੀ-ਏਕਤਾ, ਭਾਈਚਾਰੇ ਤੇ ਪ੍ਰੇਮ ਤੇ ਭਾਵ ਪ੍ਰਫੁਲਤ ਹੁੰਦੇ ਹਨ, ਜੋ ਕਿ ਨਾ ਕੇਵਲ ਉਸ ਨੂੰ ਮਾਨਸਿਕ ਖੁਸ਼ੀ, ਅਰੋਗਤਾ ਤੇ ਗੌਰਵ ਬਖਸ਼ਦੇ ਹਨ, ਸਗੋਂ ਇਹ ਗੁਣ ਆਲੇ-ਦੁਆਲੇ ਵਿੱਚ ਵੀ ਰਸ-ਭਿੰਨੀ ਖ਼ੁਸ਼ਬੂ ਖਿਲਾਰਦੇ ਹਨ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਫ਼ਰ ਨੂੰ ਅਪਣਾਏ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ। ਇਸ ਨਾਲ ਮਨੁੱਖ ਸੱਭਿਅਕ ਬਣਦਾ ਹੈ। ਅੱਜ ਦੀ ਦੁਨੀਆ ਇਸੇ ਕਰਕੇ ਹੀ ਸੱਭਿਅਕ ਤੌਰ ‘ਤੇ ਵਿਕਸਿਤ ਹੈ, ਕਿਉਂਕਿ ਆਵਾਜਾਈ ਦੇ ਸਾਧਨਾਂ ਦੇ ਵਧਣ ਨਾਲ ਵੱਧ ਤੋਂ ਵੱਧ ਮਨੁੱਖ ਸਫ਼ਰ ਕਰਨ ਲੱਗ ਪਏ ਹਨ। ਸਫ਼ਰ ਵਿੱਦਿਅਕ ਉੱਨਤੀ ਤੇ ਗਿਆਨ ਦੇ ਵਾਧੇ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ।