ਪੈਰਾ ਰਚਨਾ : ਮੇਰੇ ਸੁਪਨਿਆਂ ਦਾ ਭਾਰਤ – ਸਵੱਛ ਭਾਰਤ


ਮੇਰੇ ਸੁਪਨਿਆਂ ਦਾ ਭਾਰਤ – ਸਵੱਛ ਭਾਰਤ


ਮੇਰਾ ਭਾਰਤ ਇੱਕ ਮਹਾਨ ਦੇਸ਼ ਹੈ। ਉਸ ਵਿੱਚ ਸਾਰੇ ਲੋਕ ਮਿਲਵਰਤਨ ਨਾਲ ਰਹਿੰਦੇ ਹਨ। ਮੇਰੇ ਸੁਪਨਿਆਂ ਦਾ ਭਾਰਤ ਸਾਫ਼-ਸੁਥਰਾ ਤੇ ਬੁਰਿਆਈਆਂ ਤੋਂ ਰਹਿਤ ਹੋਵੇ। ਸਮੇਂ-ਸਮੇਂ ‘ਤੇ ਨਸ਼ਿਆਂ ਖਿਲਾਫ਼ ਮੁਹਿੰਮਾਂ ਸ਼ੁਰੂ ਕੀਤੀਆਂ ਜਾਣ। ਭਾਸ਼ਨ ਮੁਕਾਬਲੇ ਕਰਵਾਏ ਜਾਣ। ਲੋਕਾਂ ਨੂੰ ਚੌਕੰਨਾ ਕੀਤਾ ਜਾਵੇ। ਰੈਲੀਆਂ ਕੱਢੀਆਂ ਜਾਣ। ਜਿਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਫ਼ਾਈ ਅਭਿਆਨ ਚਲਾ ਕੇ ਭਾਰਤ ਨੂੰ ਸਾਫ਼ ਰੱਖਣ ਦਾ ਪਹਿਲਾ ਕਦਮ ਚੁੱਕਿਆ, ਉਸੇ ਤਰ੍ਹਾਂ ਹਰ ਭਾਰਤ ਵਾਸੀ ਨੂੰ ਵੀ ਸਵੱਛ ਅਭਿਆਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਬੱਚਿਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣਾ ਚਾਹੀਦਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਸਫ਼ਾਈ ਦੇ ਵਧੀਆ ਪ੍ਰਬੰਧ ਹੋਣੇ ਚਾਹੀਦੇ ਹਨ। ਗਲੀਆਂ ਤੇ ਸੜਕਾਂ ਪੱਕੀਆਂ ਹੋਣੀਆਂ ਚਾਹੀਦੀਆਂ ਹਨ। ਵਿਦੇਸ਼ਾਂ ਵਾਂਗ ਭਾਰਤ ਵਿੱਚ ਵੀ ਸਫ਼ਾਈ ਸੰਬੰਧੀ ਸਖ਼ਤ ਕਨੂੰਨ ਬਣਾਏ ਜਾਣੇ ਚਾਹੀਦੇ ਹਨ। ਉਹ ਦਿਨ ਦੂਰ ਨਹੀਂ ਜਦੋਂ ਭਾਰਤ ਵੀ ਹੋਰ ਦੇਸ਼ਾਂ ਵਾਂਗ ਸਫ਼ਾਈ ਵਿੱਚ ਅਵੱਲ ਬਣ ਜਾਵੇਗਾ ਪਰ ਇਹ ਸੁਪਨਾ ਤਾਂ ਹੀ ਸਾਕਾਰ ਹੋ ਸਕਦਾ ਹੈ ਜੇ ਹਰ ਭਾਰਤ ਵਾਸੀ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਵੇਗਾ| ਸਿਰਫ਼ ਸਫ਼ਾਈ ਹੀ ਨਹੀਂ ਸਗੋਂ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਵਾਤਾਵਰਨ ਦੇ ਨਾਲ-ਨਾਲ ਸਾਨੂੰ ਸਮਾਜ ਵਿੱਚੋਂ ਵੀ ਬੁਰਿਆਈਆਂ ਭਾਵ ਭ੍ਰਿਸ਼ਟਾਚਾਰ, ਰਿਸ਼ਵਤਖ਼ੋਰੀ ਆਦਿ ਨੂੰ ਸਾਫ਼ ਕਰਨਾ ਚਾਹੀਦਾ ਹੈ। ਇਹ ਗੰਦਗੀ ਇਮਾਨਦਾਰੀ ਦੇ ਝਾੜੂ ਨਾਲ ਹੀ ਸਾਫ਼ ਕੀਤੀ ਜਾ ਸਕਦੀ ਹੈ।

ਮੇਰੇ ਦੇਸ਼ ਨੂੰ ਸਿਰਫ਼ ਸੜਕਾਂ, ਘਰਾਂ, ਗਲੀਆਂ ਆਦਿ ਤੋਂ ਦੇਸ਼ ਦੀ ਸਫ਼ਾਈ ਦੀ ਹੀ ਲੋੜ ਨਹੀਂ ਸਗੋਂ ਜੋ ਲੋਕ ਆਪਣੇ ਦਿਮਾਗ਼ ਵਿੱਚ ਗੰਦਗੀ ਨੂੰ ਢੋਅ ਰਹੇ ਹਨ ਉਨ੍ਹਾਂ ਦੀ ਮਾਨਸਿਕ ਸਫ਼ਾਈ ਵੀ ਬਹੁਤ ਜ਼ਰੂਰੀ ਹੈ। ਚਾਹੇ ਇਹ ਲੋਕ ਰਾਜਨੀਤਿਕ ਪੱਧਰ ‘ਤੇ ਹਨ ਅਤੇ ਚਾਹੇ ਸਮਾਜਿਕ ਪੱਧਰ ‘ਤੇ।