ਪੈਰਾ ਰਚਨਾ : ਮੇਰੇ ਮਾਤਾ ਜੀ
ਮੇਰੇ ਮਾਤਾ ਜੀ ਦਾ ਨਾਂ ਸ੍ਰੀਮਤੀ ਮਨਜੀਤ ਕੌਰ ਹੈ। ਉਹ ਇੱਕ ਸਕੂਲ-ਅਧਿਆਪਕਾ ਹਨ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਦੇਹ ਵਿਖੇ ਪੜ੍ਹਾਉਂਦੇ ਹਨ। ਉਹਨਾਂ ਦੀ ਵਿੱਦਿਅਕ ਯੋਗਤਾ ਐੱਮ. ਏ., ਬੀ. ਐੱਡ. ਹੈ ਅਤੇ ਉਮਰ 45 ਸਾਲ ਹੈ। ਭਾਵੇਂ ਉਹਨਾਂ ਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ ਪਰ ਫਿਰ ਵੀ ਉਹ ਸਮੇਂ ਸਿਰ ਸਕੂਲ ਪਹੁੰਚਦੇ ਹਨ। ਉਹ ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜ੍ਹਾਉਂਦੇ ਹਨ ਅਤੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ। ਇਸੇ ਲਈ ਉਹ ਆਪਣੇ ਵਿਦਿਆਰਥੀਆਂ ਵਿੱਚ ਬਹੁਤ ਹਰਮਨ-ਪਿਆਰੇ ਹਨ। ਉਹਨਾਂ ਦੇ ਵਿਦਿਆਰਥੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ। ਉਹ ਆਪਣੇ ਵਿਦਿਆਰਥੀਆਂ ਨੂੰ ਹਮੇਸ਼ਾਂ ਮਿਹਨਤ ਅਤੇ ਇਮਾਨਦਾਰੀ ਦੀ ਸਿੱਖਿਆ ਦਿੰਦੇ ਹਨ। ਉਹ ਆਪ ਵੀ ਇਹਨਾਂ ਹੀ ਵਿਚਾਰਾਂ ‘ਤੇ ਚੱਲਦੇ ਹਨ ਅਤੇ ਕਿਸੇ ਦਾ ਦਿਲ ਨਹੀਂ ਦੁਖਾਉਂਦੇ। ਮੇਰੇ ਮਾਤਾ ਜੀ ਧਾਰਮਿਕ ਰੁਚੀਆਂ ਵਾਲ਼ੇ ਹਨ ਅਤੇ ਸਵੇਰੇ ਸ਼ਾਮ ਪ੍ਰਭੂ ਦਾ ਸਿਮਰਨ ਕਰਦੇ ਹਨ। ਵਿਹਲੇ ਸਮੇਂ ਵਿੱਚ ਉਹ ਨਿੰਦਿਆ-ਚੁਗ਼ਲੀ ਕਰਨ ਅਤੇ ਗੱਪਾਂ ਮਾਰਨ ਦੀ ਥਾਂ ਕੋਈ ਪੁਸਤਕ ਜਾਂ ਰਸਾਲਾ ਪੜ੍ਹਦੇ ਹਨ ਜਾਂ ਫਿਰ ਟੈਲੀਵਿਜ਼ਨ ‘ਤੇ ਕੋਈ ਚੰਗਾ ਪ੍ਰੋਗਰਾਮ ਆ ਰਿਹਾ ਹੋਵੇ ਤਾਂ ਉਹ ਦੇਖਦੇ ਹਨ। ਉਹ ਆਪਣਾ ਹਰ ਕੰਮ ਸਮੇਂ ਸਿਰ ਕਰਦੇ ਹਨ ਪਰ ਉਹਨਾਂ ਦਾ ਦਿਖਾਵੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ। ਉਹ ਸਾਦਾ ਰਹਿੰਦੇ ਹਨ ਅਤੇ ਨਿਮਰਤਾ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨਾਲ ਬਹੁਤ ਚੰਗਾ ਵਿਹਾਰ ਕਰਦੇ ਹਨ। ਘਰ ਵਿੱਚ ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਸਾਡੀਆਂ ਲੋੜਾਂ ਦਾ ਪੂਰਾ ਖ਼ਿਆਲ ਰੱਖਦੇ ਹਨ। ਉਹ ਪਿਤਾ ਜੀ ਦਾ ਵੀ ਪੂਰਾ ਖ਼ਿਆਲ ਰੱਖਦੇ ਹਨ ਅਤੇ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਹਨ। ਮੈਨੂੰ ਆਪਣੇ ਮਾਤਾ ਜੀ ‘ਤੇ ਮਾਣ ਹੈ। ਪਰਮਾਤਮਾ ਉਹਨਾਂ ਦੀ ਉਮਰ ਲੰਮੀ ਕਰੇ।