ਪੈਰਾ ਰਚਨਾ : ਮਿੱਤਰਤਾ
ਮਨੁੱਖ ਇੱਕ ਸਮਾਜਕ ਪ੍ਰਾਣੀ ਹੈ। ਉਸ ਲਈ ਇਕੱਲਾ ਰਹਿਣਾ ਇੱਕ ਸਮੱਸਿਆ ਬਣ ਜਾਂਦਾ ਹੈ। ਇਸੇ ਲਈ ਉਹ ਕਿਸੇ ਨਾ ਕਿਸੇ ਦਾ ਸਾਥ ਭਾਲਦਾ ਰਹਿੰਦਾ ਹੈ। ਇਸ ਸਾਥ ਵਿੱਚ ਉਸ ਦੇ ਮਿੱਤਰ, ਇਸਤਰੀਆਂ ਜਾਂ ਸਹੇਲੀਆਂ ਵੀ ਸ਼ਾਮਲ ਹੁੰਦੇ ਹਨ। ਸੱਚੇ ਮਿੱਤਰ ਮਨੁੱਖ ਦੇ ਆਪੇ ਦਾ ਹੀ ਇੱਕ ਅੰਗ ਬਣ ਜਾਂਦੇ ਹਨ। ਕਈ ਵਾਰ ਮਨੁੱਖ ਆਪਣੇ ਘਰ ਦੇ ਮੈਂਬਰਾਂ ਨਾਲ ਕੋਈ ਗੱਲ ਨਹੀਂ ਕਰ ਸਕਦਾ, ਪਰ ਉਹ ਕਈ ਪ੍ਰਕਾਰ ਦੇ ਭੇਦ ਮਿੱਤਰਾਂ ਨਾਲ ਸਾਂਝੇ ਕਰ ਲੈਂਦਾ ਹੈ। ਕਹਿੰਦੇ ਹਨ ਕਿ ਸੱਚੇ ਮਿੱਤਰਾਂ ਨਾਲ ਵੰਡੇ ਦੁੱਖ ਅੱਧੇ ਰਹਿ ਜਾਂਦੇ ਹਨ ਅਤੇ ਵੰਡੀਆਂ ਖ਼ੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ। ਮਿੱਤਰਤਾ ਬਚਪਨ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਮਰਨ ਸਮੇਂ ਤੱਕ ਜਾਰੀ ਰਹਿੰਦੀ ਹੈ। ਮਿੱਤਰ ਭਾਵੇਂ ਕਦੇ-ਕਦੇ ਬਦਲ ਜਾਂਦੇ ਹਨ, ਪਰ ਮਿੱਤਰਤਾ ਫਿਰ ਵੀ ਰਹਿੰਦੀ ਹੈ। ਸੱਚੀ ਮਿੱਤਰਤਾ ਦੀਆਂ ਕੁਝ ਪਛਾਣਾਂ ਹਨ। ਪਹਿਲੀ ਪਛਾਣ ਇਹ ਕਿ ਮਿੱਤਰ ਉਹ ਜੋ ਮੁਸੀਬਤ ਵਿੱਚ ਕੰਮ ਆਵੇ; ਦੂਜੀ, ਜਦ ਕਦੇ ਮਿੱਤਰ ਵੱਡੇ ਅਹੁਦੇ ‘ਤੇ ਪੁੱਜ ਜਾਵੇ ਜਾਂ ਬਹੁਤ ਅਮੀਰ ਹੋ ਜਾਵੇ, ਤਦ ਤੁਹਾਨੂੰ ਨਾ ਭੁੱਲੇ; ਤੀਜੀ ਉਹ ਤੁਹਾਡੇ ਕੋਲੋਂ ਕੁਝ ਨਾ ਛੁਪਾਵੇ ਅਤੇ ਤੁਹਾਨੂੰ ਆਪਣਾ ਹੀ ਰੂਪ ਸਮਝੇ। ਧੋਖਾ, ਉਹਲਾ, ਮਤਲਬਪ੍ਰਸਤੀ, ਈਰਖਾ, ਕਮੀਨਗੀ ਆਦਿ ਮਿੱਤਰਤਾ ਦੇ ਮਹਿਲ ਨੂੰ ਢਾਹ ਲਾਉਂਦੇ ਹਨ। ਜੇ ਮਿੱਤਰਤਾ ਸੱਚੀ ਹੋਵੇ, ਤਦ ਜਾਤ-ਪਾਤ, ਗ਼ਰੀਬੀ-ਅਮੀਰੀ, ਕੋਹਾਂ ਦੀ ਦੂਰੀ ਮਿੱਤਰਤਾ ਦਾ ਕੁਝ ਨਹੀਂ ਵਿਗਾੜ ਸਕਦੇ। ਕ੍ਰਿਸ਼ਨ-ਸੁਦਾਮਾ ਦੀ ਮਿੱਤਰਤਾ ਇਸ ਦੀ ਪ੍ਰਤੱਖ ਉਦਾਹਰਨ ਹੈ। ਦੂਜੇ ਪਾਸੇ ਅਸੀਂ ਅੱਜ ਦੇ ਯੁੱਗ ਵਿੱਚ ਵੇਖਦੇ ਹਾਂ ਕਿ ਕਈ ਵਾਰ ਕਿਸੇ ਨਿੱਕੀ ਜਿਹੀ ਗੱਲ ਕਾਰਨ ਸਾਲਾਂ ਦੀ ਮਿੱਤਰਤਾ ਕੱਚੇ ਧਾਗੇ ਵਾਂਗ ਤੜੱਕ ਕਰ ਕੇ ਟੁੱਟ ਜਾਂਦੀ ਹੈ। ਰਿੱਛ ਤੇ ਦੋ ਮਿੱਤਰਾਂ ਦੀ ਕਹਾਣੀ ਝੂਠੀ ਤੇ ਕੱਚੀ ਮਿੱਤਰਤਾ ਦੀ ਮਿਸਾਲ ਹੈ। ਅਸਲ ਵਿੱਚ ਮਿੱਤਰਤਾ ਦੀ ਡੋਰ ਸਾਡੇ ਭਾਵਾਂ, ਸਾਡੀ ਇਮਾਨਦਾਰੀ, ਸਾਡੀ ਨਿਰਛਲਤਾ, ਸਾਡੇ ਸੰਬੰਧਾਂ ਉੱਪਰ ਨਿਰਭਰ ਕਰਦੀ ਹੈ। ਇਹ ਜ਼ਿੰਦਗੀ ਦਾ ਇੱਕ ਅਜਿਹਾ ਰਿਸ਼ਤਾ ਹੈ, ਜਿਸ ਨੂੰ ਸੁੱਖਾਵਾਂ ਰੱਖਣ ਲਈ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਹਨ।