ਪੈਰਾ ਰਚਨਾ : ਮਨੋਰੰਜਨ ਦੇ ਸਾਧਨ ਵਜੋਂ ਰੇਡੀਓ


ਮਨੋਰੰਜਨ ਦੇ ਆਧੁਨਿਕ ਸਾਧਨਾਂ ਵਿਚ ਟੈਲੀਵਿਯਨ ਅਤੇ ਸਿਨਮੇ ਤੋਂ ਇਲਾਵਾ ਰੇਡੀਓ ਦਾ ਵੀ ਮਹੱਤਵਪੂਰਨ ਸਥਾਨ ਹੈ। ਰੇਡੀਓ ਸਵੇਰੇ ਤੜਕੇ ਤੋਂ ਡੂੰਘੀ ਰਾਤ ਤਕ ਭਿੰਨ-ਭਿੰਨ ਤਰੀਕਿਆਂ ਨਾਲ ਸਾਡਾ ਮਨੋਰੰਜਨ ਕਰਦਾ ਹੈ। ਇਸ ਦੇ ਪ੍ਰੋਗਰਾਮ ਭਿੰਨ-ਭਿੰਨ ਪ੍ਰਕਾਰ ਦੇ ਹੁੰਦੇ ਹਨ ਅਤੇ ਇਕ ਰੇਡੀਓ ਤੋਂ ਤੁਸੀਂ ਭਿੰਨ-ਭਿੰਨ ਸਟੇਸ਼ਨਾਂ ਤੋਂ ਭਿੰਨ-ਭਿੰਨ ਪ੍ਰਕਾਰ ਦਾ ਮਨ-ਭਾਉਂਦਾ ਪ੍ਰੋਗਰਾਮ ਸੁਣ ਸਕਦੇ ਹੋ। ਜੇਕਰ ਤੁਹਾਨੂੰ ਇਕ ਸਟੇਸ਼ਨ ਦਾ ਕੋਈ ਪ੍ਰੋਗਰਾਮ ਚੰਗਾ ਨਾ ਲੱਗੇ, ਤਾਂ ਤੁਸੀਂ ਸੂਈ ਘੁਮਾ ਕੇ ਦੂਸਰੇ ਸਟੇਸ਼ਨ ਦਾ ਪ੍ਰੋਗਰਾਮ ਸੁਣ ਸਕਦੇ ਹੋ। ਰੇਡੀਓ ਦੇ ਪ੍ਰੋਗਰਾਮਾਂ ਵਿਚ ਸਭ ਤੋਂ ਵੱਧ ਮਨੋਰੰਜਨ ਵਾਲਾ ਪ੍ਰੋਗਰਾਮ ਫ਼ਿਲਮੀ ਗਾਣਿਆਂ ਦਾ ਪ੍ਰਸਾਰਨ ਹੁੰਦਾ ਹੈ। ਬਹੁਤ ਸਾਰੇ ਸਟੇਸ਼ਨ ਸਰੋਤਿਆਂ ਦੇ ਮਨ-ਭਾਉਂਦੇ ਫ਼ਰਮਾਇਸ਼ੀ ਗਾਣੇ ਪੇਸ਼ ਕਰਦੇ ਹਨ। ਇਸ ਸੰਬੰਧੀ ਵਿਵਧ ਭਾਰਤੀ ਦੇ ਪ੍ਰੋਗਰਾਮ ਕਾਫ਼ੀ ਦਿਲਚਸਪੀ ਭਰੇ ਹੁੰਦੇ ਹਨ। ਇਸ ਤੋਂ ਬਿਨਾਂ ਲੋਕ-ਗੀਤਾਂ, ਸਰੋਦੀ ਕਾਵਿ, ਨਾਟਕਾਂ, ਕਹਾਣੀਆਂ, ਸਕਿੱਟਾਂ, ਚੁਟਕਲਿਆਂ ਤੇ ਹੋਰ ਕਈ ਪ੍ਰਕਾਰ ਦੇ ਵਾਰਤਾਲਾਪਾਂ ਦਾ ਪ੍ਰਸਾਰਨ ਦੀ ਕਾਫ਼ੀ ਦਿਲਚਸਪੀ ਭਰਿਆ ਹੁੰਦਾ ਹੈ। ਇਸ ਦੇ ਨਾਲ ਹੀ ਸੰਗੀਤ ਦੇ ਭਿੰਨ-ਭਿੰਨ ਪ੍ਰੋਗਰਾਮ ਵੀ ਕਾਫ਼ੀ ਮਨੋਰੰਜਨ ਨਾਲ ਭਰਪੂਰ ਹੁੰਦੇ ਹਨ। ਰੇਡੀਓ ਤੋਂ ਦੂਰ-ਦੂਰ ਦੇ ਥਾਂਵਾਂ ‘ਤੇ ਹੋ ਰਹੀਆਂ ਖੇਡਾਂ ਤੇ ਮੈਚਾਂ ਦੀ ਕੁਮੈਂਟਰੀ ਵੀ ਅਤਿਅੰਤ ਮਨੋਰੰਜਨ ਭਰੀ ਹੁੰਦੀ ਹੈ। ਖੇਡ ਸਥਾਨ ਤੋਂ ਦੂਰ ਬੈਠੇ ਲੋਕ ਇਸ ਕੁਮੈਂਟਰੀ ਦਾ ਖ਼ੂਬ ਆਨੰਦ ਮਾਣਦੇ ਹਨ। ਇਸ ਪ੍ਰਕਾਰ ਰੇਡੀਓ ਹਰ ਪ੍ਰਕਾਰ ਦੀ ਰੁਚੀ ਤੇ ਉਮਰ ਦੇ ਲੋਕਾਂ ਅਰਥਾਤ ਬੱਚਿਆਂ, ਜਵਾਨਾਂ ਤੇ ਬੁੱਢਿਆਂ ਲਈ ਮਨੋਰੰਜਨ ਦੇ ਭਿੰਨ-ਭਿੰਨ ਪ੍ਰੋਗਰਾਮ ਪੇਸ਼ ਕਰਦਾ ਹੈ। ਆਪਣੇ ਕੰਮ ਵਿਚ ਲੱਗਾ ਹੋਇਆ ਵਿਅਕਤੀ ਵੀ ਧੀਮੀ ਅਵਾਜ਼ ਵਿਚ ਰੇਡੀਓ ਤੋਂ ਗਾਣੇ ਸੁਣਦਾ ਤੇ ਆਪਣਾ ਮਨ ਪਰਚਾਉਂਦਾ ਰਹਿੰਦਾ ਹੈ। ਇਸ ਪ੍ਰਕਾਰ ਰੇਡੀਓ ਵਰਤਮਾਨ ਯੁਗ ਵਿਚ ਮਨੁੱਖ ਦੇ ਮਨੋਰੰਜਨ ਦਾ ਮਹੱਤਵਪੂਰਨ ਸਾਧਨ ਹੈ।