ਪੈਰਾ ਰਚਨਾ : ਮਨੋਰੰਜਨ


ਮਨੋਰੰਜਨ ਮਨੁੱਖ ਦੀ ਇੱਕ ਮਹੱਤਵਪੂਰਨ ਲੋੜ ਹੈ। ਇਹ ਸਾਡੀ ਰੂਹ ਦੀ ਖ਼ੁਰਾਕ ਹੈ। ਟੈਲੀਵਿਜ਼ਨ, ਸਿਨਮਾ ਅਤੇ ਸਾਹਿਤ ਆਦਿ ਮਨੋਰੰਜਨ ਦੇ ਵੱਖ-ਵੱਖ ਸਾਧਨ ਹਨ। ਸਮੇਂ ਦੇ ਬਦਲਨ ਨਾਲ ਮਨੋਰੰਜਨ ਦੇ ਸਾਧਨ ਵੀ ਬਦਲਦੇ ਰਹੇ ਹਨ। ਕਿਸੇ ਸਮੇਂ ਛਿੰਝਾਂ, ਨਕਲਾਂ, ਕੁੱਕੜਾਂ ਆਦਿ ਦੀਆਂ ਲੜਾਈਆਂ ਮਨੁੱਖ ਦੇ ਮਨੋਰੰਜਨ ਦੇ ਸਾਧਨ ਸਨ। ਪਰ ਅੱਜ ਮਨੁੱਖ ਕੋਲ ਅਜਿਹੇ ਮਨੋਰੰਜਨ ਲਈ ਵਿਹਲ ਨਹੀਂ। ਹੁਣ ਤਾਂ ਮਨੁੱਖ ਨੂੰ ਆਪਣੀ ਰੋਜ਼ੀ ਲਈ ਏਨੀ ਮਿਹਨਤ ਕਰਨੀ ਪੈਂਦੀ ਹੈ ਅਤੇ ਉਸ ਕੋਲ ਵਿਹਲਾ ਸਮਾਂ ਏਨਾ ਘਟ ਗਿਆ ਹੈ ਕਿ ਉਹ ਆਪਣੇ ਘਰ ਬੈਠਾ ਹੀ ਮਨੋਰੰਜਨ ਕਰਨਾ ਚਾਹੁੰਦਾ ਹੈ ਜਾਂ ਫਿਰ ਉਹ ਕੁਝ ਘੰਟਿਆਂ ਲਈ ਸਿਨਮਾ ਦੇਖ ਆਉਂਦਾ ਹੈ। ਉਂਞ ਤਾਂ ਜਦੋਂ ਅਸੀਂ ਆਪਣੇ ਦੋਸਤਾਂ-ਮਿੱਤਰਾਂ ਨਾਲ ਗੱਲ-ਬਾਤ ਕਰਦੇ ਅਥਵਾ ਗੱਪ-ਸ਼ੱਪ ਮਾਰਦੇ ਹਾਂ ਤਾਂ ਸਾਡਾ ਮਨੋਰੰਜਨ ਹੋ ਜਾਂਦਾ ਹੈ ਤੇ ਸਾਡੀ ਮਾਨਸਿਕ ਪ੍ਰੇਸ਼ਾਨੀ ਵੀ ਦੂਰ ਹੋ ਜਾਂਦੀ ਹੈ ਪਰ ਅਜੋਕੇ ਸਮੇਂ ਵਿੱਚ ਸਾਡੇ ਲਈ ਇੱਕ-ਦੂਜੇ ਲਈ ਸਮਾਂ ਕੱਢਣਾ ਮੁਸ਼ਕਲ ਹੋ ਰਿਹਾ ਹੈ। ਇਸ ਸਥਿਤੀ ਵਿੱਚ ਮਨੋਰੰਜਨ ਦੇ ਅਜੋਕੇ ਸਾਧਨਾਂ ਦੀ ਹੀ ਵਰਤੋਂ ਕਰਨੀ ਪੈਂਦੀ ਹੈ। ਕੋਈ ਘਰ ਬੈਠ ਕੇ ਬੱਚਿਆਂ ਨਾਲ ਗੱਪ-ਸ਼ੱਪ ਮਾਰ ਲੈਂਦਾ ਹੈ ਅਤੇ ਕੋਈ ਸਾਹਿਤ ਜਾਂ ਟੈਲੀਵਿਜ਼ਨ ਰਾਹੀਂ ਮਨੋਰੰਜਨ ਕਰ ਲੈਂਦਾ ਹੈ। ਅਮੀਰ ਲੋਕਾਂ ਨੇ ਕਲੱਬਾਂ ਆਦਿ ਨੂੰ ਵੀ ਮਨੋਰੰਜਨ ਦਾ ਸਾਧਨ ਬਣਾਇਆ ਹੋਇਆ ਹੈ। ਸੈਰ-ਸਪਾਟਾ ਵੀ ਸਾਡੇ ਮਨੋਰੰਜਨ ਦਾ ਇੱਕ ਸਾਧਨ ਹੈ। ਕੁਝ ਵੀ ਕਿਉਂ ਨਾ ਹੋਵੇ ਮਨੋਰੰਜਨ ਮਨੁੱਖ ਦੀ ਇੱਕ ਬਹੁਤ ਵੱਡੀ ਲੋੜ ਹੈ। ਇਸ ਤੋਂ ਬਿਨਾਂ ਮਨੁੱਖ ਦਾ ਜੀਵਨ ਨੀਰਸ ਹੈ। ਆਪਣੇ ਕੰਮ ਤੋਂ ਥੱਕਿਆ-ਟੁੱਟਿਆ ਇਨਸਾਨ ਮਨੋਰੰਜਨ ਕਰ ਕੇ ਮੁੜ ਉਸੇ ਹੀ ਫੁਰਤੀ ਨਾਲ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ। ਧਿਆਨ ਰੱਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਅਸੀਂ ਮਨੋਰੰਜਨ ਦੇ ਇਹਨਾਂ ਸਾਧਨਾਂ ਦੀ ਲੋੜ ਤੋਂ ਵੱਧ ਵਰਤੋਂ ਨਾ ਕਰੀਏ। ਮਨੋਰੰਜਨ ਸਾਡੀ ਰੂਹ ਦੀ ਖ਼ੁਰਾਕ ਹੋਣੀ ਚਾਹੀਦੀ ਹੈ। ਇਸ ਨੂੰ ਆਦਤ ਨਹੀਂ ਬਣਾਉਣਾ ਚਾਹੀਦਾ। ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਟੈਲੀਵਿਜ਼ਨ ‘ਤੇ ਸਾਰਾ ਦਿਨ ਫ਼ਿਲਮਾਂ ਆਦਿ ਹੀ ਨਾ ਦੇਖਦੇ ਰਹਿਣ। ਇਸ ਨਾਲ ਉਹਨਾਂ ਦੀ ਨਜ਼ਰ ‘ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਉਹ ਪੜ੍ਹਾਈ ਵੱਲੋਂ ਅਵੇਸਲੇ ਹੋ ਸਕਦੇ ਹਨ। ਮਨੋਰੰਜਨ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਸਾਨੂੰ ਆਪਣੇ ਪਰਿਵਾਰ ਲਈ ਸਿਹਤਮੰਦ ਮਨੋਰੰਜਨ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ। ਸਿਹਤਮੰਦ ਮਨੋਰੰਜਨ ਜਿੱਥੇ ਸਾਡੇ ਲਈ ਲਾਭਦਾਇਕ ਹੋ ਸਕਦਾ ਹੈ ਉੱਥੇ ਸਸਤਾ ਮਨੋਰੰਜਨ ਸਾਡੇ ਲਈ ਹਾਨੀਕਾਰਕ ਵੀ ਸਾਬਤ ਹੋ ਸਕਦਾ ਹੈ।