ਪੈਰਾ ਰਚਨਾ : ਮਨਭਾਉਂਦਾ ਲੇਖਕ


ਪ੍ਰੋ. ਪੂਰਨ ਸਿੰਘ (1881-1931 ਈ.) ਮੇਰਾ ਮਨਭਾਉਂਦਾ ਲੇਖਕ ਹੈ। ਭਾਵੇਂ ਮੈਂ ਹੋਰ ਵੀ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹੀਆਂ ਹਨ ਪਰ ਪ੍ਰੋ. ਪੂਰਨ ਸਿੰਘ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਇਸ ਦਾ ਕਾਰਨ ਪ੍ਰੋ. ਪੂਰਨ ਸਿੰਘ ਦੀ ਕਵਿਤਾ ਵਿਚਲਾ ਸੱਭਿਆਚਾਰਿਕ ਮਹੱਤਵ ਅਤੇ ਉਸ ਦੀ ਵਾਰਤਕ ਵਿਚਲੇ ਵਿਚਾਰਾਂ ਦਾ ਪ੍ਰਭਾਵ ਹੈ। ਪ੍ਰੋ. ਪੂਰਨ ਸਿੰਘ ਨੇ ਨਾ ਕੇਵਲ ਪੰਜਾਬੀ ਵਿੱਚ ਸਗੋਂ ਅੰਗਰੇਜ਼ੀ ਵਿੱਚ ਵੀ ਰਚਨਾ ਕੀਤੀ। ਪੰਜਾਬੀ ਵਿੱਚ ਉਸ ਨੇ ‘ਖੁੱਲ੍ਹੇ ਮੈਦਾਨ’, ‘ਖੁੱਲ੍ਹੇ ਘੁੰਡ’ ਅਤੇ ‘ਖੁੱਲ੍ਹੇ ਅਸਮਾਨੀ ਰੰਗ’ ਨਾਂ ਦੀਆਂ ਕਾਵਿ-ਰਚਨਾਵਾਂ ਤੋਂ ਬਿਨਾਂ ਲੇਖਾਂ/ ਨਿਬੰਧਾਂ ਦੀ ਇੱਕ ਪੁਸਤਕ ‘ਖੁੱਲ੍ਹੇ ਲੇਖ’ ਵੀ ਲਿਖੀ। ਇਹਨਾਂ ਰਚਨਾਵਾਂ ਦੇ ਨਾਵਾਂ ਤੋਂ ਪਤਾ ਲੱਗਦਾ ਹੈ ਜਿਵੇਂ ਪ੍ਰੋ. ਪੂਰਨ ਸਿੰਘ ਖੁੱਲ੍ਹ ਦਾ ਆਸ਼ਕ ਸੀ। ਉਸ ਦੀ ਖੁੱਲ੍ਹ ਦੀ ਇਸ ਵਿਚਾਰਧਾਰਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਉਸ ਨੇ ਖੁੱਲ੍ਹੀ ਕਵਿਤਾ ਦਾ ਅਰੰਭ ਕਰ ਕੇ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਨਵੀਂ ਲੀਹ ਤੋਰੀ। ਉਸ ਦੀ ਕਵਿਤਾ ਵਿੱਚ ਵਾਰਤਕ ਤੇ ਵਾਰਤਕ ਵਿੱਚ ਕਵਿਤਾ ਦਾ ਰੰਗ ਦਿਖਾਈ ਦਿੰਦਾ ਹੈ। ‘ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨਾਂ’ ਨੂੰ ਕਵਿਤਾ ਕਹਿਣ ਵਾਲ਼ੇ ਪ੍ਰੋ. ਪੂਰਨ ਸਿੰਘ ਲਈ ਕਵਿਤਾ ਇੱਕ ਰੱਬੀ ਆਵੇਸ਼ ਹੈ। ਵਿਸ਼ੇ-ਵਸਤੂ ਦੇ ਪੱਖੋਂ ਉਸ ਦੀ ਕਵਿਤਾ ਪੰਜਾਬੀ ਸੱਭਿਆਚਾਰ ਅਤੇ ਸੰਸਕ੍ਰਿਤੀ ਨਾਲ ਜੁੜੀ ਹੋਈ ਹੈ। ਉਸ ਦੀ ਕਵਿਤਾ ਦੇ ਇਸ ਪੱਖ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਹ ਨਾ ਕੇਵਲ ਪੰਜਾਬ ਦੀ ਪ੍ਰਕਿਰਤੀ ਸਗੋਂ ਇੱਥੋਂ ਦੇ ਲੋਕਾਂ ਨੂੰ ਵੀ ਪਿਆਰ ਕਰਦਾ ਹੈ। ਉਸ ਦੀ ਵਾਰਤਕ ਦੇ ਵਿਸ਼ਿਆਂ ਵਿੱਚ ਵੰਨ- ਸੁਵੰਨਤਾ ਦੇਖੀ ਜਾ ਸਕਦੀ ਹੈ। ਕਵੀ ਦਾ ਦਿਲ, ਵਤਨ ਦਾ ਪਿਆਰ, ਵੋਟ ਤੇ ਪਾਲੇਟਿਕਸ, ਪਿਆਰ ਆਦਿ ਉਸ ਦੇ ਮਹੱਤਵਪੂਰਨ ਲੇਖ/ਨਿਬੰਧ ਹਨ। ਉਸ ਦੀ ਵਾਰਤਕ ਬੌਧਿਕ ਤੇ ਦਾਰਸ਼ਨਿਕ ਪੱਧਰ ਦੀ ਹੈ। ਪ੍ਰੋ. ਪੂਰਨ ਸਿੰਘ ਦੀ ਰਚਨਾ ਨੇ ਸੱਚ-ਮੁੱਚ ਹੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ।