ਪੈਰਾ ਰਚਨਾ : ਭਿੱਖਿਆ ਮੰਗਣਾ-ਇੱਕ ਸਮਾਜਿਕ ਕੋੜ੍ਹ/ਲਾਹਨਤ


ਭਾਰਤੀ ਸਮਾਜ ਵਿੱਚ ਕਈ ਸਮਾਜਿਕ ਬੁਰਾਈਆਂ ਹਨ; ਜਿਵੇਂ : ਅਨਪੜ੍ਹਤਾ, ਦਾਜ, ਨਸ਼ੇ, ਭ੍ਰਿਸ਼ਟਾਚਾਰ/ਰਿਸ਼ਵਤ, ਰੀਤਾਂ-ਰਸਮਾਂ ‘ਤੇ ਫ਼ਜ਼ੂਲ-ਖ਼ਰਚੀ ਜਾਂ ਵਹਿਮ-ਭਰਮ ਆਦਿ। ਭਿੱਖਿਆ ਮੰਗਣਾ ਵੀ ਅਜਿਹੀ ਹੀ ਇੱਕ ਸਮਾਜਿਕ ਬੁਰਾਈ ਹੈ। ਇਹ ਬੁਰਾਈ ਸਾਡੇ ਸਮਾਜ ਲਈ ਇੱਕ ਸਮਾਜਿਕ ਕੋੜ੍ਹ ਅਥਵਾ ਲਾਹਨਤ ਹੈ। ਘਰਾਂ, ਬਜ਼ਾਰਾਂ, ਬੱਸ-ਅਡਿਆਂ ਅਤੇ ਰੇਲਵੇ-ਸਟੇਸ਼ਨਾਂ ਵਰਗੀਆਂ ਥਾਂਵਾਂ ‘ਤੇ ਅਸੀਂ ਭਿਖਾਰੀਆਂ ਨੂੰ ਭਿੱਖਿਆ ਮੰਗਦਿਆਂ ਦੇਖ ਸਕਦੇ ਹਾਂ। ਸਾਡੇ ਦੇਸ ਵਿੱਚ ਦੋ ਤਰ੍ਹਾਂ ਦੇ ਲੋਕ ਭਿੱਖਿਆ ਮੰਗਦੇ ਹਨ। ਇੱਕ ਉਹ ਲੋਕ ਹਨ ਜਿਹੜੇ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਉਹ ਕੋਈ ਨਾ ਕੋਈ ਕੰਮ ਕਰ ਕੇ ਆਪਣੀ ਰੋਜ਼ੀ ਕਮਾ ਸਕਦੇ ਹਨ। ਅਜਿਹੇ ਲੋਕਾਂ ਦੀ ਪ੍ਰਵਿਰਤੀ ਇਹ ਹੁੰਦੀ ਹੈ ਕਿ ਉਹ ਬਿਨਾਂ ਕੋਈ ਕੰਮ ਜਾਂ ਮਿਹਨਤ ਕੀਤਿਆਂ ਪੈਸਾ ਕਮਾਉਣਾ ਚਾਹੁੰਦੇ ਹਨ। ਅਜਿਹੇ ਲੋਕਾਂ ਲਈ ਭਿੱਖਿਆ ਮੰਗਣ ਦੀ ਪੂਰੀ ਤਰ੍ਹਾਂ ਮਨਾਹੀ ਹੋਣੀ ਚਾਹੀਦੀ ਹੈ। ਸਾਨੂੰ ਵੀ ਅਜਿਹੇ ਵਿਅਕਤੀਆਂ ਨੂੰ ਭਿੱਖਿਆ ਨਹੀਂ ਦੇਣੀ ਚਾਹੀਦੀ। ਉਹਨਾਂ ਅੰਦਰ ਇਹ ਭਾਵਨਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਕਿ ਭਿੱਖਿਆ ਮੰਗਣਾ ਇੱਕ ਲਾਹਨਤ ਜਾਂ ਕੋੜ੍ਹ ਹੈ। ਉਹਨਾਂ ਨੂੰ ਹੱਥੀਂ ਕੰਮ ਕਰ ਕੇ ਆਪਣੀ ਰੋਜ਼ੀ ਕਮਾਉਣ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਅਜਿਹੇ ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਸਾਡੇ ਦੇਸ ਵਿੱਚ ਦੂਜੀ ਕਿਸਮ ਦੇ ਭਿਖਾਰੀ ਉਹ ਹਨ ਜੋ ਸਰੀਰਿਕ ਪੱਖੋਂ ਤੰਦਰੁਸਤ ਨਹੀਂ ਅਤੇ ਚੰਗੀ ਤਰ੍ਹਾਂ ਚੱਲ ਫਿਰ ਵੀ ਨਹੀਂ ਸਕਦੇ। ਸਰਕਾਰ ਅਤੇ ਸਮਾਜ-ਸੇਵੀ ਸੰਸਥਾਵਾਂ ਨੂੰ ਅਜਿਹੇ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਪਰ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਇਹ ਮਦਦ ਉਹਨਾਂ ਲੋਕਾਂ ਨੂੰ ਹੀ ਮਿਲ ਸਕੇ ਜਿਹੜੇ ਪੂਰੀ ਤਰ੍ਹਾਂ ਇਸ ਦੇ ਹੱਕਦਾਰ ਹਨ। ਲੋੜ ਇਸ ਗੱਲ ਦੀ ਹੈ ਕਿ ਭਿੱਖਿਆ ਮੰਗਣ ਦੇ ਕੋੜ੍ਹ ਅਥਵਾ ਇਸ ਲਾਹਨਤ ਨੂੰ ਸਾਡੇ ਸਮਾਜ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ। ਇਸ ਲਈ ਸਰਕਾਰ ਨੂੰ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।