ਪੈਰਾ ਰਚਨਾ – ਭਿੱਖਿਆ ਮੰਗਣਾ, ਇੱਕ ਕੋਹੜੀ ਲਾਹਨਤ


ਭਿੱਖਿਆ ਮੰਗਣਾ : ਇੱਕ ਕੋਹੜੀ ਲਾਹਨਤ


ਪੰਜਾਬੀ ਸੱਭਿਆਚਾਰ ਵਿੱਚ ਮੰਗਣਾ ਇੱਕ ਬਹੁਤ ਵੱਡੀ ਬੁਰਾਈ ਮੰਨੀ ਗਈ ਹੈ। ਗੁਰਬਾਣੀ ਵੀ ਦਸਾਂ ਨਹੁੰਆਂ ਦੀ ਕਿਰਤ ‘ਤੇ ਜ਼ੋਰ ਦਿੰਦੀ ਹੈ। ਬਾਬਾ ਫ਼ਰੀਦ ਜੀ ਵੀ ਮੰਗਣ ਨਾਲੋਂ ਮੌਤ ਨੂੰ ਪਹਿਲ ਦਿੰਦੇ ਹਨ। ‘ਕਰ ਮਜੂਰੀ ਖਾਹ ਚੂਰੀ’ ਵੀ ਇਸੇ ਤੱਥ ਨੂੰ ਦਰਸਾਉਂਦੀ ਹੈ ਕਿ ਹੱਕ ਦੀ ਕਮਾਈ ਨਾਲ ਰੁੱਖੀ ਮਿੱਸੀ ਵੀ ਚੂਰੀ ਵਰਗਾ ਸੁਆਦ ਦਿੰਦੀ ਹੈ। ਪਰ ਕੁਝ ਲੋਕ ‘ਮੰਗ ਕੇ ਖਾਣ’ ਨੂੰ ਹੀ ਕਿੱਤਾ ਬਣਾਈ ਬੈਠੇ ਹਨ ਤੇ ਕੁਝ ਵਪਾਰੀ ਬਣ ਬੈਠੇ ਹਨ ਜੋ ਕਿ ਸਮਾਜ ਦੇ ਮੱਥੇ ‘ਤੇ ਬਹੁਤ ਵੱਡਾ ਕਲੰਕ ਹੈ। ਕਈ ਅੰਗਹੀਣ ਮਜਬੂਰੀ ਵੱਸ ਭੀਖ ਮੰਗਦੇ ਹਨ ਪਰ ਕਈ ਆਤਮ ਸਨਮਾਨ ਵਾਲੇ ਅੰਗਹੀਣ ਵੀ ਜਿਸ ਤਰ੍ਹਾਂ ਹੋ ਸਕੇ ਆਪ ਮਿਹਨਤ ਕਰਦੇ ਹਨ ਜਿਵੇਂ ਹੱਥਾਂ ਤੋਂ ਅਪਾਹਜ ਹਨ ਤਾਂ ਪੈਰਾਂ ਨਾਲ ਸਿਰਜਣਾ ਕਰਦੇ ਹਨ। ਕੁਝ ਵਿਹਲੜ ਧਰਮ ਦੇ ਨਾਂ ‘ਤੇ ਜਾਂ ਕੁਦਰਤੀ ਕਰੋਪੀਆਂ ਦੇ ਨਾਂ ‘ਤੇ ਮੰਗਦੇ ਹਨ। ਕਈਆਂ ਨੇ ਆਪੋ ਆਪਣੇ ਇਲਾਕੇ ਨਿਸਚਿਤ ਕੀਤੇ ਹੁੰਦੇ ਹਨ। ਦਾਜ ਦੇ ਲੋਭੀ ਵੀ ਮੰਗਤਿਆਂ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ। ਅਸਲ ਵਿੱਚ ਮੰਗਤਿਆਂ ਨੂੰ ਸਮਾਜ ਨੇ ਹੀ ਸਿਰੇ ਚੜ੍ਹਾਇਆ ਹੋਇਆ ਹੈ। ਲੋਕ ਦਰ ‘ਤੇ ਆਏ ਕਿਸੇ ਨੂੰ ਵੀ ਖ਼ਾਲੀ ਨਹੀਂ ਮੋੜਨਾ ਚਾਹੁੰਦੇ। ਦਾਨ ਪੁੰਨ ਸਮਝ ਮੰਗਤਿਆਂ ਦੀ ਬੁਰਾਈ ਨੂੰ ਵਧਾ ਰਹੇ ਹਨ। ਇਨ੍ਹਾਂ ਨਾਲ ਹੋਰ ਬੁਰਾਈਆਂ ਵੀ ਜਨਮ ਲੈਂਦੀਆਂ ਹਨ। ਲੁੱਟਾਂ ਖੋਹਾਂ, ਕਤਲ ਤਕ ਹੋ ਰਹੇ ਹਨ। ਇਸ ਕਲੰਕ ਨੂੰ ਧੋਣ ਲਈ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ | ਕਿਸੇ ਨੂੰ ਵੀ ਭੀਖ ਨਾ ਦੇਣ ‘ਤੇ ਜੇ ਕੋਈ ਸੱਚਮੁੱਚ ਲੋੜਵੰਦ ਹੈ ਭੀਖ ਨਾ ਦੇਣ ਤਾਂ ਮਦਦ ਕੀਤੀ ਜਾਵੇ। ਸਰਕਾਰ ਨੂੰ ਵੀ ਇਨ੍ਹਾਂ ’ਤੇ ਸਖ਼ਤੀ ਵਰਤਣੀ ਚਾਹੀਦੀ ਹੈ।