CBSEEducationPunjab School Education Board(PSEB)Punjabi Viakaran/ Punjabi Grammarਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਭਾਸ਼ਣ ਕਲਾ


ਭਾਸ਼ਣ ਕਲਾ


ਗੱਲ-ਬਾਤ ਕੁਝ ਗਿਣਤੀ ਦੇ ਬੰਦਿਆਂ ਨਾਲ ਆਪਾ ਪ੍ਰਗਟਾਅ ਦਾ ਇੱਕ ਸਾਧਨ ਹੈ, ਪਰ ਜਦੋਂ ਸ੍ਰੋਤਿਆਂ ਦੀ ਗਿਣਤੀ ਵਧ ਜਾਵੇ ਅਤੇ ਕਿਸੇ ਖ਼ਾਸ ਵਿਸ਼ੇ ‘ਤੇ ਬੋਲਣਾ ਹੋਵੇ, ਉਦੋਂ ਭਾਸ਼ਣ ਦੀ ਕਲਾ ਅਪਣਾਉਣੀ ਪੈਂਦੀ ਹੈ। ਭਾਸ਼ਣ ਕਰਤਾ ਕਈ ਹੋ ਸਕਦ ਹਨ, ਪਰ ਵਧੀਆ ਭਾਸ਼ਣ ਕਰਨਾ ਕਿਸੇ-ਕਿਸੇ ਨੂੰ ਆਉਂਦਾ ਹੈ। ਸੱਚਮੁੱਚ ਹੀ ਇਹ ਇੱਕ ਉੱਤਮ ਕਲਾ ਹੈ। ਮਨੁੱਖੀ ਜ਼ਿੰਦਗੀ ਵਿੱਚ ਜਿਸ ਕੋਲ ਇਹ ਕਲਾ ਹੁੰਦੀ ਹੈ, ਉਹ ਨਿਵੇਕਲਾ ਜਿਹਾ ਵਿਅਕਤੀ ਬਣ ਜਾਂਦਾ ਹੈ। ਭਾਸ਼ਣ ਕਲਾ ਦੇ ਕੁਝ ਮੋਟੇ-ਮੋਟੇ ਗੁਣ ਹੁੰਦੇ ਹਨ। ਉਨ੍ਹਾਂ ‘ਚੋਂ ਕੁਝ ਇਹ ਹਨ : ਦੂਜਿਆਂ ਸਾਹਮਣੇ ਬੇਝਿਜਕ ਬੋਲ ਸਕਣਾ, ਵਿਸ਼ਾਲ ਗਿਆਨ ਦੇ ਮਾਲਕ ਲੱਗਣਾ, ਆਪਣੀ ਗੱਲ ਆਤਮ-ਵਿਸ਼ਵਾਸ ਨਾਲ ਕਹਿ ਸਕਣਾ, ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਕੀਲ ਲੈਣਾ ਆਦਿ। ਵੱਡੇ-ਵੱਡੇ ਨੇਤਾ ਆਪਣੇ ਭਾਸ਼ਣ ਨਾਲ ਲੋਕਾਂ ਨੂੰ ਮਗਰ ਲਾ ਲੈਂਦੇ ਹਨ। ਇਵੇਂ ਹੀ ਧਾਰਮਿਕ ਨੇਤਾ ਆਪਣੇ ਭਾਸ਼ਣ ਰਾਹੀਂ ਤੁਹਾਨੂੰ ਧਰਮ ਦੇ ਖੇਤਰ ਵਿੱਚ ਕੀਲ ਲੈਂਦੇ ਹਨ। ਕਈ ਚਲਾਕ ਲੋਕ ਭਾਸ਼ਣ ਦੀ ਕਲਾ ਦੀ ਸਹਾਇਤਾ ਨਾਲ ਨਕਲੀ ਮਾਲ ਅਸਲੀ ਕਹਿ ਕੇ ਵੀ ਵੇਚ ਜਾਂਦੇ ਹਨ। ਨਾ ਕੇਵਲ ਰਾਜਸੀ ਨੇਤਾਵਾਂ ਤੇ ਧਰਮ ਪ੍ਰਚਾਰਕਾਂ ਨੂੰ ਭਾਸ਼ਣ ਕਲਾ ਦੀ ਲੋੜ ਹੈ, ਸਗੋਂ ਹਰੇਕ ਨੂੰ ਇਹ ਕਲਾ ਆਉਣੀ ਚਾਹੀਦੀ ਹੈ। ਵੇਖਿਆ ਗਿਆ ਹੈ ਕਿ ਆਪਣੇ ਵਿਸ਼ੇ ਵਿੱਚ ਹਾਈ ਫ਼ਸਟ ਡਵੀਜ਼ਨ ਲੈਣ ਵਾਲੇ ਪ੍ਰੋਫ਼ੈਸਰ ਆਪਣੇ ਅੰਦਰ ਭਾਸ਼ਣ ਕਲਾ ਦੀ ਘਾਟ ਕਾਰਨ ਜਮਾਤ ਦੇ ਅਧਿਆਪਨ ਵਿੱਚ ਅਸਫ਼ਲ ਹੋ ਜਾਂਦੇ ਹਨ। ਵਿਸ਼ੇ ਦੀ ਵਿਸ਼ਾਲ ਜਾਣਕਾਰੀ, ਸ਼ਬਦ ਚੋਣ, ਵਧੀਆ ਵਾਕ ਬਣਤਰ, ਸੰਸਿਗਤਾ, ਸੂਰ, ਲੈਅ, ਲਹਿਜਾ ਆਦਿ ਇਸ ਕਲਾ ਨੂੰ ਚਮਕਾਉਂਦੇ ਹਨ। ਇਨ੍ਹਾਂ ਨਾਲ ਭਾਸ਼ਣ ਕਰਤਾ ਪਰਬੀਨ ਬਣਦਾ ਹੈ।

ਸਕੂਲਾਂ-ਕਾਲਜਾਂ ਵਿੱਚ ਇਸ ਕਲਾ ਦੇ ਵਿਕਾਸ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਜੇ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਸਹਾਇਤਾ ਲਵੇ, ਭਾਸ਼ਣ ਮੁਕਾਬਲੇ ਵੇਖੇ ਅਤੇ ਇਨ੍ਹਾਂ ਵਿੱਚ ਖ਼ੁਦ ਭਾਗ ਲਵੇ ਤਾਂ ਉਹ ਇਸ ਕਲਾ ਨੂੰ ਸਹਿਜੇ ਸਿੱਖ ਸਕਦਾ ਹੈ।