ਪੈਰਾ ਰਚਨਾ : ਭਰੂਣ-ਹੱਤਿਆ


ਭਰੂਣ-ਹੱਤਿਆ ਸਾਡੇ ਦੇਸ ਦੀ ਇੱਕ ਘਾਤਕ ਸਮਾਜਿਕ ਬੁਰਾਈ ਹੈ ਜੋ ਔਰਤ ਪ੍ਰਤਿ ਸਾਡੀ ਪਿਛਾਂਹ-ਖਿੱਚੂ ਅਤੇ ਅਮਾਨਵੀ ਸੋਚ ਨੂੰ ਪ੍ਰਗਟਾਉਂਦੀ ਹੈ। ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਭਰੂਣ ਨੂੰ ਬਣਦਿਆਂ ਅੱਠ ਹਫ਼ਤੇ ਦਾ ਸਮਾਂ ਲੱਗਦਾ ਹੈ। ਇਸ ਸਮੇਂ ਤੱਕ ਇਸ ਵਿੱਚ ਮਨੁੱਖੀ ਹੋਂਦ ਦੇ ਸਾਰੇ ਅੰਗ ਅਤੇ ਪ੍ਰਣਾਲੀਆਂ ਬਣ ਚੁੱਕੀਆਂ ਹੁੰਦੀਆਂ ਹਨ। ਇਸ ਹਾਲਤ ਵਿੱਚ ਇਸ ਨੂੰ ਇੱਕ ਮੁਕੰਮਲ ਮਨੁੱਖੀ ਹੋਂਦ ਮੰਨਿਆ ਜਾ ਸਕਦਾ ਹੈ। ਇਸੇ ਲਈ ਭਰੂਣ-ਹੱਤਿਆ ਸ਼ਿਸ਼ੂ ਹੱਤਿਆ ਵਰਗਾ ਹੀ ਅਪਰਾਧ ਹੈ। ਵਿਗਿਆਨ ਵੱਲੋਂ ਮਨੁੱਖ ਦੇ ਫ਼ਾਇਦੇ ਅਤੇ ਉਸ ਦੀਆਂ ਬਿਮਾਰੀਆਂ ਦੇ ਇਲਾਜ ਲਈ ਦਿੱਤੀ ਅਲਟਰਾ ਸਾਊਂਡ ਸਕੈਨ ਦੀ ਦੁਰਵਰਤੋਂ ਹੋਣ ਲੱਗੀ ਹੈ ਅਤੇ ਕੁੜੀਆਂ ਦੀ ਮਾਂ ਦੇ ਪੇਟ ਵਿੱਚ ਹੀ ਹੱਤਿਆ ਸ਼ੁਰੂ ਹੋ ਗਈ ਹੈ। ਇਹ ਸਾਡੀ ਘਟੀਆ ਮਨੁੱਖੀ ਸੋਚ ਅਤੇ ਲਾਲਚੀ ਪ੍ਰਵਿਰਤੀ ਦਾ ਸਿੱਟਾ ਹੈ। ਭਰੂਣ-ਹੱਤਿਆ ਨੇ ਲੜਕੇ ਅਤੇ ਲੜਕੀਆਂ ਦੀ ਗਿਣਤੀ ਵਿੱਚ ਅਸੰਤੁਲਨ ਪੈਦਾ ਕਰ ਦਿੱਤਾ ਹੈ। 2011 ਦੀ ਜਨ-ਗਣਨਾ ਦੇ ਅੰਕੜਿਆਂ ਅਨੁਸਾਰ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 940 ਹੈ। ਭਾਵੇਂ ਸਰਕਾਰ ਨੇ ਭਰੂਣ-ਹੱਤਿਆ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ ਪਰ ਇਹਨਾਂ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ। ਇਸ ਲਈ ਸਮਾਜ ਵਿੱਚ ਜਾਗ੍ਰਿਤੀ ਲਿਆਉਣ ਅਥਵਾ ਸਮਾਜ ਦੀ ਸੋਚ ਨੂੰ ਬਦਲਨ ਦੀ ਲੋੜ ਹੈ। ਦੂਸਰੇ ਪਾਸੇ ਔਰਤ ਨੂੰ ਸਮਾਜਿਕ ਬਰਾਬਰੀ ਦੇ ਨਾਲ-ਨਾਲ ਆਰਥਿਕ ਪੱਖੋਂ ਅਜ਼ਾਦ ਕਰਨ ਦੀ ਵੀ ਲੋੜ ਹੈ। ਜਿੰਨੀ ਦੇਰ ਤੱਕ ਔਰਤ ਆਪਣੀਆਂ ਆਰਥਿਕ ਲੋੜਾਂ ਲਈ ਮਰਦ ਦੇ ਅਧੀਨ ਰਹੇਗੀ ਉੱਨੀ ਦੇਰ ਤੱਕ ਉਸ ਪ੍ਰਤਿ ਅਜਿਹੇ ਅਪਰਾਧ ਨਹੀਂ ਘਟਣਗੇ। ਸਾਨੂੰ ਮੁੰਡੇ ਤੇ ਕੁੜੀ ਦੇ ਫ਼ਰਕ ਵਾਲੀ ਸੋਚ ਨੂੰ ਬਦਲਨਾ ਚਾਹੀਦਾ ਹੈ। ਸਰਕਾਰ ਨੂੰ ਵੀ ਭਰੂਣ-ਹੱਤਿਆ ਸੰਬੰਧੀ ਕਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ਔਰਤ ਦੀ ਸਮਾਜਿਕ ਸੁਰਖਿਆ ਲਈ ਵੀ ਵਿਸ਼ੇਸ਼ ਕਦਮ ਚੁੱਕੇ ਜਾਣੇ ਚਾਹੀਦੇ ਹਨ। ਦੂਸਰੇ ਪਾਸੇ ਸਰਕਾਰ ਨੂੰ ਆਮ ਲੋਕਾਂ ਦੇ ਬੁਢਾਪੇ ਨੂੰ ਵੀ ਸੁਰੱਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਾ ਰਹੇ।