ਪੈਰਾ ਰਚਨਾ : ਬੱਸ-ਅੱਡੇ ਦਾ ਦ੍ਰਿਸ਼


ਬੱਸਾਂ ਦੇ ਠਹਿਰਨ ਵਾਲੀ ਥਾਂ ਦਾ ਨਾਂ ਹੀ ਬੱਸ-ਅੱਡਾ ਹੈ। ਬੱਸ-ਅੱਡਾ ਕਿਸੇ ਪਿੰਡ, ਸ਼ਹਿਰ ਜਾਂ ਕਸਬੇ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ ਜਿੱਥੇ ਹਰ ਰੋਜ਼ ਅਨੇਕਾਂ ਬੱਸਾਂ ਆਉਂਦੀਆਂ ਤੇ ਜਾਂਦੀਆਂ ਹਨ ਅਤੇ ਇਹਨਾਂ ਰਾਹੀਂ ਅਨੇਕਾਂ ਮੁਸਾਫ਼ਰ ਇੱਕ ਥਾਂ ਤੋਂ ਦੂਜੀ ਥਾਂ ਤੱਕ ਸਫ਼ਰ ਕਰਦੇ ਹਨ। ਜਿੱਥੇ ਪਿੰਡਾਂ ਅਤੇ ਛੋਟੇ-ਛੋਟੇ ਕਸਬਿਆਂ ਵਿੱਚ ਸੜਕ ‘ਤੇ ਹੀ ਬੱਸ-ਅੱਡਾ ਹੁੰਦਾ ਹੈ ਉੱਥੇ ਵੱਡੇ ਸ਼ਹਿਰਾਂ ਵਿੱਚ ਵੱਡੇ-ਵੱਡੇ ਬੱਸ-ਅੱਡੇ ਬਣੇ ਹੁੰਦੇ ਹਨ। ਬੱਸ-ਅੱਡੇ ‘ਤੇ ਮੁਸਾਫ਼ਰਾਂ ਦੇ ਖਾਣ-ਪੀਣ ਲਈ ਵੀ ਕੁਝ ਚੀਜ਼ਾਂ ਮਿਲਦੀਆਂ ਹਨ। ਪਰ ਇੱਥੇ ਹਰ ਕੋਈ ਕਾਹਲੀ ਵਿੱਚ ਹੁੰਦਾ ਹੈ। ਕਿਸੇ ਨੂੰ ਟਿਕਟ ਖ਼ਰੀਦਣ ਦੀ ਕਾਹਲੀ ਹੁੰਦੀ ਹੈ ਪਰ ਉਹ ਟਿਕਟ ਲੈਣ ਵਾਲਿਆਂ ਦੀ ਲੰਮੀ ਕਤਾਰ ਦੇਖ ਕੇ ਘਬਰਾ ਜਾਂਦਾ ਹੈ । ਕੋਈ ਟਿਕਟਾਂ ਖ਼ਰੀਦ ਕੇ ਕਾਹਲੀ ਨਾਲ ਸੀਟ ਮੱਲਣੀ ਚਾਹੁੰਦਾ ਹੈ ਅਤੇ ਕਿਸੇ ਨੇ ਇੱਕ ਬੱਸ ਵਿੱਚੋਂ ਉੱਤਰ ਕੇ ਦੂਸਰੀ ਬੱਸ ਫੜਨੀ ਹੁੰਦੀ ਹੈ। ਕਿਸੇ ਨੂੰ ਫ਼ਿਕਰ ਹੁੰਦਾ ਹੈ ਕਿ ਉਸ ਦੀ ਆਖ਼ਰੀ ਬੱਸ ਨਾ ਨਿਕਲ ਜਾਵੇ। ਜਿਨ੍ਹਾਂ ਨੂੰ ਬੱਸ ਦੀ ਉਡੀਕ ਕਰਨੀ ਪੈਂਦੀ ਹੈ ਉਹ ਉਂਞ ਬੇਚੈਨ ਹੁੰਦੇ ਹਨ ਕਿ ਕਦੋਂ ਬੱਸ ਆਵੇ ਅਤੇ ਕਦੋਂ ਉਹ ਉਸ ਵਿੱਚ ਬੈਠਣ। ਕਈ ਵਾਰ ਬੱਸ ਵਿੱਚ ਬੈਠੀਆਂ ਸਵਾਰੀਆਂ ਡ੍ਰਾਈਵਰ ਜਾਂ ਕੰਡਕਟਰ ਦੀ ਉਡੀਕ ਵਿੱਚ ਹੁੰਦੀਆਂ ਹਨ ਕਿ ਕਦੋਂ ਉਹ ਆਵੇ ਅਤੇ ਕਦੋਂ ਬੱਸ ਚੱਲੇ। ਕਿਸੇ ਨੇ ਬੱਸ-ਅੱਡੇ ‘ਤੇ ਆ ਕੇ ਆਪਣੀ ਯਾਤਰਾ ਸ਼ੁਰੂ ਕਰਨੀ ਹੁੰਦੀ ਹੈ ਅਤੇ ਕੋਈ ਬੱਸ ਤੋਂ ਉੱਤਰ ਕੇ ਰਿਕਸ਼ਾ ਜਾਂ ਆਟੋ-ਰਿਕਸ਼ਾ ਦੇਖ ਰਿਹਾ ਹੁੰਦਾ ਹੈ। ਗੱਲ ਕੀ, ਬੱਸ-ਅੱਡੇ ’ਤੇ ਆਪਣੀ ਹੀ ਕਿਸਮ ਦਾ ਰੌਲਾ ਪਿਆ ਹੁੰਦਾ ਹੈ। ਕੰਡਕਟਰ, ਅਖ਼ਬਾਰ/ਰਸਾਲੇ ਵੇਚਣ ਵਾਲੇ, ਬੂਟ ਪਾਲਿਸ਼ ਕਰਨ ਵਾਲੇ, ਛਾਬੜੀ ਵਾਲੇ ਅਤੇ ਮੰਗਤੇ ਆਦਿ ਸਭ ਆਪੋ-ਆਪਣਾ ਰਾਗ ਅਲਾਪ ਰਹੇ ਹੁੰਦੇ ਹਨ। ਇਸੇ ਰੌਲੇ-ਰੱਪੇ ਵਿੱਚ ਜੇਬ-ਕਤਰਿਆਂ ਨੂੰ ਵੀ ਆਪਣਾ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ। ਸੱਚ-ਮੁੱਚ ਬੱਸ-ਅੱਡਾ ਵੀ ਆਪਣੀ ਹੀ ਕਿਸਮ ਦੀ ਦੁਨੀਆਂ ਹੈ।