ਪੈਰਾ ਰਚਨਾ : ਬੇਰੁਜ਼ਗਾਰੀ


ਕੋਈ ਵੀ ਵਿਅਕਤੀ ਕਿਸੇ ਦੂਜੇ ਦੇ ਹੱਥਾਂ ਵੱਲ ਤੱਕਣਾ ਅਤੇ ਦੂਜਿਆਂ ਸਿਰ ਭਾਰ ਨਹੀਂ ਬਣਨਾ ਚਾਹੁੰਦਾ। ਨਿਖੱਟੂ ਅਖਵਾਉਣ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ। ਪਰ ਅੱਜ-ਕੱਲ੍ਹ ਹਾਲਾਤ ਅਜਿਹੇ ਹਨ ਕਿ ਅਨੇਕਾਂ ਲੋਕਾਂ ਵਿੱਚ ਕੰਮ ਕਰਨ ਦੀ ਯੋਗਤਾ, ਸਮਰੱਥਾ ਅਤੇ ਰੀਝ ਹੈ। ਪਰ ਫਿਰ ਵੀ ਉਹਨਾਂ ਨੂੰ ਵਿਹਲੇ ਰਹਿ ਕੇ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਬੇਰੁਜ਼ਗਾਰੀ ਦੀ ਇਹ ਹਾਲਤ ਨਾ ਕੇਵਲ ਬੇਰੁਜ਼ਗਾਰਾਂ ਲਈ ਸਗੋਂ ਉਹਨਾਂ ਦੇ ਮਾਂ-ਬਾਪ ਲਈ ਵੀ ਦੁੱਖਦਾਈ ਹੁੰਦੀ ਹੈ ਜਿਨ੍ਹਾਂ ਨੇ ਸਖ਼ਤ ਮਿਹਨਤ ਕਰ ਕੇ ਆਪਣੇ ਬੱਚਿਆਂ ਨੂੰ ਵਿੱਦਿਆ ਦਵਾਈ ਹੁੰਦੀ ਹੈ। ਪਰ ਭਾਰਤ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਮੈਕਾਲੇ ਦੀ ਸਸਤੇ ਦਫ਼ਤਰੀ
ਬਾਬੂ ਤਿਆਰ ਕਰਨ ਵਾਲੀ ਸਿੱਖਿਆ-ਪ੍ਰਣਾਲੀ ਇਸ ਲਈ ਬਹੁਤ ਹੱਦ ਤੱਕ ਜ਼ੁੰਮੇਵਾਰ ਹੈ। ਵਧਦੀ ਅਬਾਦੀ ਵੀ ਇਸ ਲਈ ਜ਼ੁੰਮੇਵਾਰ ਹੈ। ਇਸ ਬੇਰੁਜ਼ਗਾਰੀ ਦਾ ਸਾਡੇ ‘ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਨੂੰ ਜਨਮ ਦੇ ਰਹੀ ਹੈ। ਦੇਸ ਵਿੱਚ
ਨਿਰਾਸ਼ਾ ਅਤੇ ਬੇਚੈਨੀ ਫੈਲ ਰਹੀ ਹੈ। ਨੌਜਵਾਨਾਂ ਦੀ ਸ਼ਕਤੀ ਨੂੰ ਜੇਕਰ ਉਸਾਰੂ ਪਾਸੇ ਨਾ ਲਾਇਆ ਗਿਆ ਤਾਂ ਇਹ ਢਾਊ ਪਾਸੇ ਵੀ ਲੱਗ ਸਕਦੀ ਹੈ। ਲੋੜ ਇਸ ਗੱਲ ਦੀ ਹੈ ਕਿ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ। ਉਹਨਾਂ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਤਕਨੀਕੀ ਸਿੱਖਿਆ ਦੇਣ ਦੀ ਸਖ਼ਤ ਲੋੜ ਹੈ ਤਾਂ ਜੋ ਉਹ ਸ੍ਵੈ-ਰੁਜ਼ਗਾਰ ਅਪਣਾ ਸਕਣ। ਜਿੱਥੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਦੀ ਲੋੜ ਹੈ ਉੱਥੇ ਵਧਦੀ ਅਬਾਦੀ ‘ਤੇ ਵੀ ਕੰਟ੍ਰੋਲ ਕੀਤਾ ਜਾਣਾ ਚਾਹੀਦਾ ਹੈ। ਸਾਡੇ ਨੌਜਵਾਨਾਂ ਨੂੰ ਹੱਥੀਂ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਹੱਥੀਂ ਕੀਤੀ ਜਾਂਦੀ ਮਿਹਨਤ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਣ ਦੀ ਲੋੜ ਹੈ। ਸਰਕਾਰ ਨੂੰ ਬੇਰੁਜ਼ਗਾਰੀ ਦੀ ਮੌਜੂਦਾ ਸਮੱਸਿਆ ਨੂੰ ਹੱਲ ਕਰਨ ਲਈ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।