ਪੈਰਾ ਰਚਨਾ : ਪੰਜਾਬ ਵਿੱਚ ਪ੍ਰਚੱਲਿਤ ਅਸ਼ਲੀਲ ਗੀਤਾਂ ਦੀ ਸਮੱਸਿਆ


ਪੰਜਾਬ ਵਿੱਚ ਪ੍ਰਚੱਲਿਤ ਅਸ਼ਲੀਲ ਗੀਤਾਂ ਦੀ ਸਮੱਸਿਆ


ਗੀਤ-ਸੰਗੀਤ ਰੂਹ ਦੀ ਖ਼ੁਰਾਕ ਹੁੰਦੇ ਹਨ, ਜੇਕਰ ਉਹ ਗੀਤ ਦੀ ਸੀਮਾ ਅਤੇ ਮੰਗ ਵਿੱਚ ਰਹਿ ਕੇ ਪੇਸ਼ ਕੀਤਾ ਜਾਵੇ, ਪਰ ਅੱਜ ਕੱਲ੍ਹ ਅਜਿਹਾ ਨਹੀਂ ਹੋ ਰਿਹਾ। ਅੱਜ ਤੋਂ ਦਸ-ਪੰਦਰਾਂ ਸਾਲ ਪਹਿਲਾਂ ਗਾਏ ਗੀਤ ਅੱਜ ਵੀ ਨਵੇਂ ਲੱਗਦੇ ਹਨ, ਪਰ ਜਿਹੜੇ ਗੀਤ ਵਰਤਮਾਨ ਦੌਰ ਵਿੱਚ ਪ੍ਰਚੱਲਿਤ ਹਨ, ਇਹਨਾਂ ਨੂੰ ਸੁਣ ਕੇ ਤਾਂ ਸ਼ਰਮਸਾਰ ਹੋਣਾ ਪੈਂਦਾ ਹੈ। ਇਹਨਾਂ ਗੀਤਾਂ ਦੀ ਸ਼ਬਦਾਵਲੀ ਭੱਦੀ ਤੇ ਦੋਹਰੇ ਅਰਥਾਂ ਵਾਲੀ ਹੁੰਦੀ ਹੈ। ਉੱਪਰੋਂ ਇਹਨਾਂ ਦੀ ਲੈਅ ਤੇ ਗਾਉਣ ਦਾ ਅੰਦਾਜ਼ ਹਰ ਵਿਅਕਤੀ ਨੂੰ ਸ਼ਰਮਸਾਰ ਕਰ ਦਿੰਦਾ ਹੈ। ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ਇਹ ਗੀਤ ਸੁਣਨੇ ਮੁਸ਼ਕਲ ਹੋ ਜਾਂਦੇ ਹਨ। ਇਹਨਾਂ ਦਾ ਫ਼ਿਲਮਾਂਕਣ ਵੇਖ ਵੀ ਸ਼ਰਮਿੰਦਗੀ ਹੁੰਦੀ ਹੈ। ਅੱਧ-ਨਗਨ ਮੁਟਿਆਰਾਂ ਦਾ ਯੋਗਦਾਨ ਹਰ ਗੀਤ ਦੇ ਦ੍ਰਿਸ਼ ਵਿੱਚ ਵੇਖਿਆ ਜਾ ਸਕਦਾ ਹੈ। ਕਹਿਣ ਨੂੰ ਤਾਂ ਕਈ ਲੋਕ- ਗੀਤ ਜਾਂ ਗੀਤ ਦੁਪੱਟੇ ਜਾਂ ਪਰਾਂਦੇ ਨਾਲ ਸਬੰਧਤ ਹੁੰਦੇ ਹਨ, ਪਰ ਗੀਤ ਦੇ ਬੋਲ ਅਤੇ ਮੁਟਿਆਰਾਂ ਦਾ ਪਹਿਰਾਵਾ ਅਜੀਬੋ-ਗ਼ਰੀਬ ਕਿਸਮ ਦਾ ਹੁੰਦਾ ਹੈ। ਅਜਿਹੇ ਗੀਤ ਸਾਡੇ ਸ਼ਿਸ਼ਟਾਚਾਰ ਤੇ ਇਖ਼ਲਾਕ ਦਾ ਮਖੌਲ ਉਡਾਉਂਦੇ ਹਨ। ਦੋ-ਗਾਣਾ ਗਾਉਣ ਵਾਲੀਆਂ ਗਾਇਕ ਜੋੜੀਆਂ ਦੇ ਬੋਲ, ਹਰਕਤਾਂ ਤੇ ਅਦਾਵਾਂ ਨਿੰਦਣ ਯੋਗ ਹੁੰਦੀਆਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਧੇਰੇ ਗੀਤਾਂ ਦਾ ਵਿਸ਼ਾ ਵਿਦਿਆਰਥੀ ਜੀਵਨ ਨਾਲ ਸਬੰਧਤ ਹੋਣ ਕਾਰਨ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਲੜਕੇ-ਲੜਕੀਆਂ ਪੜ੍ਹਨ ਲਈ ਨਹੀਂ, ਬਲਕਿ ਇਸ਼ਕ ਕਰਨ ਲਈ ਕਾਲਜਾਂ ਵਿੱਚ ਜਾਂਦੇ ਹਨ। ਦੂਜੀ ਸਮੱਸਿਆ ਇਹ ਹੈ ਕਿ ਇਸ ਨਾਲ ਅਵਾਜ਼ ਪ੍ਰਦੂਸ਼ਣ ਤੇ ਮਾਨਸਕ ਪ੍ਰਦੂਸ਼ਣ ਵੀ ਵਧਦਾ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਜਿਹੇ ਗੀਤਾਂ ਦੇ ਵਿਰੁੱਧ ਅਵਾਜ਼ ਉਠਾਈਏ। ਇਸ ਲਈ ਸੱਚੀ-ਸੁੱਚੀ ਸ਼ਬਦਾਵਲੀ ਵਾਲੇ ਤੇ ਸ਼ਾਂਤ ਗੀਤ ਗਾਉਣੇ ਚਾਹੀਦੇ ਹਨ, ਤਾਂ ਹੀ ਗੀਤਾਂ ਦੀ ਉਮਰ ਵੀ ਲੰਮੀ ਹੋਵੇਗੀ। ਭੈੜੇ ਗੀਤ ਗਾਉਣ ਵਾਲੇ ਗਾਇਕਾਂ ਤੇ ਕੰਪਨੀਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।