ਪੈਰਾ ਰਚਨਾ : ਪੰਜਾਬੀ ਸੱਭਿਆਚਾਰ ਦੀ ਬਦਲਦੀ ਨੁਹਾਰ
ਸੱਭਿਆਚਾਰ ਪਰਿਵਰਤਨਸ਼ੀਲ ਹੁੰਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਤਬਦੀਲੀ ਦਾ ਕਾਰਨ ਭਿੰਨ-ਭਿੰਨ ਸਮੇਂ ‘ਤੇ ਪੰਜਾਬ ਵਿੱਚ ਹਮਲਾਵਰਾਂ ਦਾ ਆਉਣਾ ਹੈ, ਪਰ ਅੰਗਰੇਜ਼ਾਂ ਦੇ ਆਉਣ ਨਾਲ ਤਾਂ ਪੰਜਾਬੀ ਸੱਭਿਆਚਾਰ ਤੇਜ਼ੀ ਨਾਲ ਬਦਲਣ ਲੱਗਾ ਤੇ ਅੱਜ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਤ ਹੋ ਕੇ ਇਸ ਨੇ ਆਪਣੀ ਅਸਲੀ ਨੁਹਾਰ ਤੇ ਰੂਪ ਹੀ ਬਦਲ ਲਿਆ ਹੈ। ਆਪਣੇ ਅਮੀਰ ਤੇ ਵਿਸ਼ੇਸ਼ ਸੱਭਿਆਚਾਰਕ ਵਿਰਸੇ ਦਾ ਅਸਲੋਂ ਹੀ ਗਾਇਬ ਹੋ ਜਾਣਾ ਪੰਜਾਬੀਆਂ ਲਈ ਚੁਣੌਤੀ ਤੇ ਵੰਗਾਰ ਬਣ ਗਿਆ ਹੈ। ਪੰਜਾਬੀਆਂ ਦਾ ਆਪਣਾ ਵਿਰਸਾ, ਜਿਸ ਵਿੱਚ ਸਰਲਤਾ ਸੀ, ਸਾਦਗੀ ਸੀ, ਭੋਲਾਪਣ ਸੀ, ਰਿਸ਼ਤਿਆਂ ਦਾ ਨਿੱਘ ਸੀ, ਅੱਜ ਬਿਲਕੁਲ ਅਲੋਪ ਹੋ ਗਿਆ ਹੈ। ਮਸ਼ੀਨੀਕਰਨ, ਪੱਛਮੀਕਰਨ ਤੇ ਆਧੁਨਿਕੀਕਰਨ ਨੇ ਤਾਂ ਸਾਡੀ ਰਹਿਣੀ-ਬਹਿਣੀ, ਖਾਣ-ਪੀਣ, ਪਹਿਰਾਵੇ ਤੇ ਕਦਰਾਂ-ਕੀਮਤਾਂ ਵਿੱਚ ਬਹੁਤ ਤਬਦੀਲੀ ਲਿਆਂਦੀ ਹੈ। ਘੱਗਰੇ-ਫੁਲਕਾਰੀਆਂ, ਸੂਟ-ਦੁਪੱਟਿਆਂ ਦੀ ਜਗ੍ਹਾ ‘ਵਲਾਇਤੀ ਬਾਣਿਆਂ ਨੇ ਲੈ ਲਈ ਹੈ। ਸਾਡੇ ਭੋਜਨ ਵਿੱਚੋਂ ਦੁੱਧ, ਦਹੀਂ, ਲੱਸੀ, ਮੱਖਣ, ਘਿਉ ਗਾਇਬ ਹੋ ਰਹੇ ਹਨ। ਇਹਨਾਂ ਦੀ ਥਾਂ ਬੈੱਡ ਟੀ, ਕੋਲਡ ਡਰਿੰਕਸ, ਬਰਗਰਜ਼, ਨੂਡਲਜ਼, ਚਾਈਨਜ਼ ਫ਼ੂਡ, ਫ਼ਾਸਟ ਫ਼ੂਡ, ਪੀਜ਼ਾ ਆਦਿ ਨੇ ਲੈ ਲਈ ਹੈ। ਅਜਿਹੇ ਖਾਣੇ ਬਿਮਾਰੀਆਂ ਨੂੰ ਦਾਅਵਤ ਦੇਣ ਵਾਲੇ ਹੁੰਦੇ ਹਨ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਬਜ਼ੁਰਗਾਂ ਦਾ ਮਾਣ-ਸਤਿਕਾਰ ਘਟਿਆ ਹੈ, ਧੀਆਂ-ਪੁੱਤਰ ਨਿਰਮੋਹੇ ਹੋ ਗਏ ਹਨ। ਪੈਸੇ ਦੀ ਚਕਾਚੌਂਧ ਨੇ ਖ਼ੂਨ ਸਫ਼ੈਦ ਕਰ ਦਿੱਤਾ ਹੈ। ਲੋਕ-ਵਿਖਾਵੇ ਨੂੰ ਪ੍ਰਧਾਨਤਾ ਦੇ ਰਹੇ ਹਨ। ਰਸਮੀ ਜਿਹੀ ਮੁਲਾਕਾਤ ਤੇ ਘਰ ਆਏ ਪ੍ਰਾਹੁਣਿਆਂ ਨਾਲ ਵੀ ਓਪਰਿਆਂ ਵਾਲਾ ਸਲੂਕ ਸਾਡੀ ਖ਼ੁਦਗਰਜ਼ੀ ਦਾ ਕਾਰਨ ਹੈ। ਅੱਜ ਵਿਗਿਆਨਕ ਸਹੂਲਤਾਂ ਨੇ ਮਨੁੱਖ ਨੂੰ ਨਿਕੰਮਾ ਬਣਾ ਦਿੱਤਾ ਹੈ। ਜਨਮ, ਵਿਆਹ ਤੇ ਮੌਤ ਦੀਆਂ ਰਸਮਾਂ ਵਿੱਚ ਤਬਦੀਲੀ ਆ ਗਈ ਹੈ। ਚਾਚੇ ਤਾਏ, ਮਾਮੇ-ਮਾਮੀਆਂ ਦੀ ਥਾਂ ਅੰਕਲ-ਆਂਟੀ ਨੇ ਲੈ ਲਈ ਹੈ। ਪਦਾਰਥਿਕ ਉੱਨਤੀ ਬੁਰੀ ਨਹੀਂ, ਪਰ ਪੱਛਮੀਕਰਨ ਦੀ ਅੰਨ੍ਹੇਵਾਹ ਨਕਲ ਕਰਨੀ ਸ਼ੋਭਦੀ ਨਹੀਂ। ਸਾਨੂੰ ਤਬਦੀਲੀ ਦੇ ਯੁੱਗ ਵਿੱਚ ਵੀ ਅਮੀਰ ਪੰਜਾਬੀ ਸੱਭਿਆਚਾਰਿਕ ਵਿਰਾਸਤ ਤੇ ਕਦਰਾਂ-ਕੀਮਤਾਂ ਨੂੰ ਬਚਾਅ ਕੇ ਰੱਖਣਾ ਚਾਹੀਦਾ ਹੈ।