ਪੈਰਾ-ਰਚਨਾ : ਪੜ੍ਹਾਈ ਵਿੱਚ ਖੇਡਾਂ ਦੀ ਥਾਂ


ਪੜ੍ਹਾਈ ਵਿੱਚ ਖੇਡਾਂ ਦੀ ਥਾਂ


ਵਿੱਦਿਆ ਦਾ ਮੁੱਖ ਮੰਤਵ ਮਨੁੱਖ ਦੀ ਸ਼ਖ਼ਸੀਅਤ ਦਾ ਹਰ ਪੱਖੋਂ ਵਿਕਾਸ ਕਰਨਾ ਹੈ। ਇੰਝ ਵਿੱਦਿਆ ਤੋਂ ਭਾਵ ਮਨੁੱਖ ਦਾ ਦਿਮਾਗੀ ਵਿਕਾਸ ਹੀ ਨਹੀਂ, ਉਸ ਦਾ ਸਰੀਰਿਕ ਅਤੇ ਭਾਵਨਾਤਮਕ ਤੇ ਮਾਨਸਕ ਵਿਕਾਸ ਵੀ ਹੈ। ਮਨੁੱਖ ਦੇ ਸਰੀਰਿਕ, ਦਿਮਾਗ਼ੀ ਅਤੇ ਭਾਵਨਾਤਮਕ ਵਿਕਾਸ ਵਿੱਚ ਖੇਡਾਂ ਦਾ ਵੱਡਾ ਯੋਗਦਾਨ ਹੈ। ਖੇਡਾਂ ਨਾ ਕੇਵਲ ਸਾਡੇ ਸਰੀਰ ਨੂੰ ਅਰੋਗ ਰੱਖਦੀਆਂ ਹਨ, ਸਗੋਂ ਇਨ੍ਹਾਂ ਨਾਲ ਸਰੀਰ ਦੇ ਅੰਗ-ਅੰਗ ਖੁੱਲ੍ਹਦੇ ਅਤੇ ਵਿਕਸਿਤ ਹੁੰਦੇ ਹਨ। ਇਹ ਵਿਦਿਆਰਥੀਆਂ ਦੇ ਦਿਮਾਗ਼ੀ ਪੱਧਰ ਨੂੰ ਉੱਚਾ ਚੁੱਕਦੀਆਂ ਹਨ, ਕਿਉਂਕਿ ਨਰੋਏ ਸਰੀਰ ਅੰਦਰ ਹੀ ਨਰੋਆ ਦਿਮਾਗ਼ ਹੁੰਦਾ ਹੈ। ਲਗਪਗ ਸਾਰੀਆਂ ਖੇਡਾਂ ਖੇਡਣ ਲਈ ਸੋਚ ਅਤੇ ਦਿਮਾਗ ਦੀ ਲੋੜ ਹੈ। ਖੇਡਾਂ ਖਿਡਾਰੀਆਂ ਅੰਦਰੋਂ ਈਰਖਾ ਨੂੰ ਘਟਾਉਂਦੀਆਂ ਹਨ ਅਤੇ ਸਹਿਯੋਗ ਦੀ ਭਾਵਨਾ ਨੂੰ ਵਧਾਉਂਦੀਆਂ ਹਨ। ਖਿਡਾਰੀ ਇੱਕ-ਦੂਜੇ ਨਾਲ ਚੰਗਾ ਵਰਤਾਓ ਕਰਨਾ ਸਿੱਖਦੇ ਹਨ। ਸਭ ਦਾ ਆਦਰ ਕਰਨਾ ਖਿਡਾਰੀਆਂ ਦੇ ਸੁਭਾਅ ਦਾ ਅੰਗ ਬਣ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਖੇਡਾਂ ਸਾਡਾ ਮਨੋਰੰਜਨ ਕਰਦੀਆਂ ਹਨ। ਜਵਾਨ ਵਿਦਿਆਰਥੀ ਅੰਦਰ ਕਾਮ ਦੀ ਪ੍ਰਵਿਰਤੀ ਜ਼ੋਰ ਫੜ੍ਹ ਜਾਂਦੀ ਹੈ। ਅਜਿਹੇ ਮੌਕੇ ਉੱਤੇ ਉਹ ਖੇਡ ਕੇ ਉਸ ਪ੍ਰਵਿਰਤੀ ਦਾ ਰੁਖ਼ ਬਦਲ ਦਿੰਦੇ ਹਨ। ਖੇਡਾਂ ਵਿੱਚ ਜਿੱਤ ਤੇ ਹਾਰ ਦੋਵੇਂ ਹੁੰਦੇ ਹਨ। ਖੇਡ ਦੇ ਮੈਦਾਨ ਵਿੱਚ ਪ੍ਰਾਪਤ ਜਿੱਤ ਅਤੇ ਹਾਰ ਦਾ ਅਹਿਸਾਸ ਵਿਦਿਆਰਥੀ ਨੂੰ ਜੀਵਨ ਦੇ ਮੈਦਾਨ ਲਈ ਤਿਆਰ ਕਰਦਾ ਹੈ। ਖੇਡਾਂ ਵਿਦਿਆਰਥੀ ਨੂੰ ਜੀਵਨ ਦੀਆਂ ਹਾਰਾਂ ਦਾ ਮੁਕਾਬਲਾ ਕਰਨ ਦੇ ਢੰਗ-ਤਰੀਕੇ ਅਤੇ ਸ਼ਕਤੀ ਪ੍ਰਦਾਨ ਕਰਦੀਆਂ ਹਨ। ਜਿਵੇਂ ਖੇਡਾਂ ਸਬੰਧੀ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਵਿਦਿਆਰਥੀ ਖੇਡ ਦੀ ਗਰਾਊਂਡ ਤੋਂ ਸਿੱਖਦਾ ਹੈ, ਇਸੇ ਪ੍ਰਕਾਰ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਜੀਵਨ ਦੇ ਮੈਦਾਨ ਵਿੱਚ ਵੀ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਖੇਡ ਦੇ ਮੈਦਾਨ ਵਿੱਚ ਸਿੱਖੇ ਘੱਟ ਹੀ ਜੀਵਨ ਦੇ ਮੈਦਾਨ ਵਿੱਚ ਥਿੜਕਦੇ ਹਨ।