ਪੈਰਾ ਰਚਨਾ : ਪ੍ਰਦੂਸ਼ਣ


ਪ੍ਰਦੂਸ਼ਣ


ਪ੍ਰਦੂਸ਼ਣ ਭਾਰਤ ਹੀ ਨਹੀਂ, ਸਗੋਂ ਸੰਸਾਰ ਦਾ ਭਖਦਾ ਮਸਲਾ ਹੈ। ਪ੍ਰਦੂਸ਼ਣ ਤੋਂ ਭਾਵ ਹੈ ਸਾਡੇ ਆਲੇ-ਦੁਆਲੇ ਦਾ ਦੂਸ਼ਿਤ ਹੋਣਾ। ਪ੍ਰਦੂਸ਼ਣ ਹਵਾ, ਪਾਣੀ, ਮਿੱਟੀ, ਆਲੇ-ਦੁਆਲੇ ਦੀ ਭੌਤਿਕ, ਰਸਾਇਣਿਕ ਜਾਂ ਜੈਵਿਕ ਲੱਛਣਾਂ ਵਿੱਚ ਬੇਲੋੜੀ ਤਬਦੀਲੀ ਹੈ, ਜਿਹੜੀ ਨੁਕਸਦਾਇਕ ਰੂਪ ਵਿੱਚ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਪ੍ਰਸਿੱਧ ਵਿਦਵਾਨ ਸਮਿੱਥ ਅਨੁਸਾਰ ‘ਪ੍ਰਦੂਸ਼ਣ’ ਤੋਂ ਭਾਵ ਮਨੁੱਖ ਦੁਆਰਾ ਵਾਤਾਵਰਨ ਨੂੰ ਅਸ਼ੁੱਧ ਕਰਨ ਤੋਂ ਹੈ। ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਹਨ : ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ, ਭੂਮੀ ਪ੍ਰਦੂਸ਼ਣ, ਰੇਡੀਏਸ਼ਨ ਪ੍ਰਦੂਸ਼ਣ ਆਦਿ। ਹਵਾ ਪ੍ਰਦੂਸ਼ਣ ਤੋਂ ਭਾਵ ਵਾਯੂ-ਮੰਡਲ ਵਿੱਚ ਧੂੜ, ਧੂੰਆਂ, ਗੰਦੀਆਂ ਗੈਸਾਂ, ਕੋਹਰਾ ਅਤੇ ਬਦਬੂ ਆਦਿ ਪ੍ਰਦੂਸ਼ਤ ਤੱਤਾਂ ਵਿੱਚ ਵਾਧਾ। ਇਹ ਪ੍ਰਦੂਸ਼ਣ ਉਦਯੋਗਾਂ ਤੇ ਆਵਾਜਾਈ ਦੇ ਸਾਧਨਾਂ ਵਿੱਚ ਵਾਧੇ ਕਾਰਨ ਹੁੰਦਾ ਹੈ। ਸਾਡੇ ਵਾਹਨ ਵਾਯੂ-ਮੰਡਲ ਵਿੱਚ ਗੰਦੀਆਂ ਗੈਸਾਂ ਛੱਡਦੇ ਹਨ। ਸਰੀਰ ਵਿੱਚ ਕਾਰਬਨ-ਮੋਨੋਆਕਸਾਈਡ ਦਾ ਅਨੁਪਾਤ ਵਧਣ ਨਾਲ ਛਾਤੀ, ਦਮਾ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਜਲ ਪ੍ਰਦੂਸ਼ਣ ਦਾ ਮੁੱਖ ਕਾਰਨ ਉਦਯੋਗ ਹਨ। ਸਾਡੀਆਂ ਨਦੀਆਂ, ਤਲਾਬਾਂ ਆਦਿ ਵਿੱਚ ਘਰਾਂ ਅਤੇ ਉਦਯੋਗਾਂ ਦਾ ਮੈਲਾ ਆ ਕੇ ਡਿੱਗਦਾ ਹੈ ਅਤੇ ਜ਼ਮੀਨ ਵਿੱਚ ਰਿਸਦਾ ਹੈ, ਜਿਸ ਨਾਲ ਭੂਮੀ ਉੱਪਰਲਾ, ਭੂਮੀ ਹੇਠਲਾ ਪਾਣੀ ਵੀ ਪ੍ਰਦੂਸ਼ਤ ਹੁੰਦਾ ਹੈ। ਗੰਦੇ ਪਾਣੀ ਨਾਲ ਹੈਜ਼ਾ, ਪੀਲੀਆ, ਪੋਲੀਓ ਆਦਿ ਬਿਮਾਰੀਆਂ ਫੈਲਦੀਆਂ ਹਨ। ਪ੍ਰਦੂਸ਼ਤ ਪਾਣੀ ਸੰਸਾਰ ਵਿੱਚ ਹਰ ਸਾਲ ਲਗਪਗ 25,000 ਮਨੁੱਖਾਂ ਦੀ ਜਾਨ ਲੈ ਲੈਂਦਾ ਹੈ। ਸ਼ੋਰ ਪ੍ਰਦੂਸ਼ਣ ਧੁਨੀ ਕਾਰਨ ਪੈਦਾ ਹੋਇਆ ਪ੍ਰਦੂਸ਼ਣ ਹੈ। ਆਵਾਜਾਈ ਦੇ ਸਾਧਨ, ਲਾਊਡ ਸਪੀਕਰ ਅਤੇ ਕਈ ਮਨੋਰੰਜਨ ਦੇ ਸਾਧਨ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਨ। ਸ਼ੋਰ ਪ੍ਰਦੂਸ਼ਣ ਨਾਲ ਬਲੱਡ ਪ੍ਰੈਸ਼ਰ, ਚਿੜਚਿੜਾਪਨ, ਉਂਨੀਂਦਰਾ ਆਦਿ ਵਧਦਾ ਹੈ। ਇਸ ਨਾਲ ਕਈ ਮਾਨਸਕ ਪ੍ਰਭਾਵ ਵੀ ਪੈਂਦੇ ਹਨ। ਇਸੇ ਪ੍ਰਕਾਰ ਮਨੁੱਖ ਆਪਣੀਆਂ ਗਤੀਵਿਧੀਆਂ ਦੁਆਰਾ ਮਿੱਟੀ ਦੀ ਗੁਣਵੱਤਾ ਅਤੇ ਉਤਪਾਦਕਤਾ ਨੂੰ ਵੀ ਪ੍ਰਦੂਸ਼ਤ ਕਰ ਰਿਹਾ ਹੈ। ਯੂਰੇਨੀਅਮ, ਬੋਰੀਅਮ ਆਦਿ ਰੇਡੀਓ ਧਰਮੀ ਪਦਾਰਥਾਂ ਤੋਂ ਹੋਣ ਵਾਲ ਵਿਕਿਰਨ ਨੂੰ ਰੇਡੀਏਸ਼ਨ ਪ੍ਰਦੂਸ਼ਣ ਆਖਿਆ ਜਾਂਦਾ ਹੈ। ਇਨ੍ਹਾਂ ਸਬੰਧੀ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡੀ ਸਮੱਸਿਆ ਬਣ ਸਕਦੀ ਹੈ। ਸੋ, ਲੋੜ ਹੈ, ਹਰ ਪ੍ਰਕਾਰ ਦੇ ਪ੍ਰਦੂਸ਼ਣ ਤੋਂ ਬਚਿਆ ਜਾਵੇ।