ਪੈਰਾ ਰਚਨਾ : ਪੇਟ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ
ਜੀਵਨ ਦੀਆਂ ਤਿੰਨ ਮੁੱਢਲੀਆਂ ਲੋੜਾਂ – ਕੁੱਲੀ, ਗੁੱਲੀ ਤੇ ਜੁੱਲੀ ਨੂੰ ਮਨੁੱਖ ਸਭਿਅਤਾ ਦੇ ਆਦਿ-ਕਾਲ ਤੋਂ ਹੀ ਅਨੁਭਵ ਕਰਦਾ ਆਇਆ ਹੈ। ਕੁੱਲੀ ਤੋਂ ਭਾਵ ਹੈ ‘ਮਕਾਨ’, ਜੁੱਲੀ ਤੋਂ ਭਾਵ ਹੈ ‘ਕੱਪੜਾ’ ਤੇ ਗੁੱਲੀ ਤੋਂ ਭਾਵ ਹੈ ‘ਰੋਟੀ’। ਇਨ੍ਹਾਂ ਸਭ ਲੋੜਾਂ ਵਿਚੋਂ ਰੋਟੀ ਦੀ ਲੋੜ ਸਭ ਤੋਂ ਮਹੱਤਵਪੂਰਨ ਹੈ। ਸਰੀਰ ਦੀ ਚਾਲਕ-ਸ਼ਕਤੀ ਨੂੰ ਕਾਇਮ ਰੱਖਣ ਲਈ ਉਦਰ-ਪੂਰਤੀ ਕਰਨੀ ਹੀ ਪੈਂਦੀ ਹੈ। ਇਸੇ ਲੋੜ ਨੂੰ ਮੁੱਖ ਰੱਖ ਕੇ ਹੀ ਕੁਦਰਤ ਨੇ ਮਨੁੱਖ ਨੂੰ ਬੁੱਧੀ ਅਤੇ ਸਾਧਨ ਪ੍ਰਦਾਨ ਕੀਤੇ ਹਨ। ਮਨੁੱਖ ਦੀ ਸਿਹਤ ਮਨੁੱਖੀ ਸਮਾਜ ਦੇ ਆਰਥਿਕ ਢਾਂਚੇ ਦੀ ਉਸਾਰੀ, ਰਾਜਨੀਤਿਕ ਗਤੀ, ਵਪਾਰਕ ਤੇ ਆਤਮਿਕ ਉੱਨਤੀ ਸਭ ਰੋਟੀ ਦੇ ਦੁਆਲੇ ਹੀ ਘੁੰਮਦੀਆਂ ਹਨ। ਰਿਸ਼ੀਆਂ-ਮੁਨੀਆਂ ਤੇ ਭਗਤਾਂ ਤੋਂ ਵੀ ਭੁੱਖ ਬਰਦਾਸ਼ਤ ਨਹੀਂ ਹੋਈ ਤੇ ਕਿਹਾ ਹੈ, ਭੂਖੇ ਭਗਤ ਨਾ ਕੀਜੈ।” ਕਿਹਾ ਜਾਂਦਾ ਹੈ ਕਿ ਭੁੱਖ ਰਾਜਿਆਂ ਦੇ ਤਖ਼ਤ ਉਲਟਾ ਕੇ ਰੱਖ ਦਿੰਦੀ ਹੈ। ਮਨੋਵਿਗਿਆਨੀਆਂ ਨੇ ਮਨੁੱਖੀ ਜੀਵਨ ਤੇ ਵਿਹਾਰ ਲਈ ਕੁੱਝ ਮੁੱਢਲੀਆਂ ਰੁਚੀਆਂ ਮੰਨੀਆਂ ਹਨ, ਜਿਨ੍ਹਾਂ ਵਿਚ ਭੁੱਖ ਨੂੰ ਪ੍ਰਧਾਨ ਮੰਨਿਆ ਗਿਆ ਹੈ। ਰੋਟੀ ਨੂੰ ਮਨੁੱਖ ਦੀ ਮੁੱਢਲੀ ਲੋੜ ਮੰਨ ਕੇ ਹੀ ਸੰਸਾਰ ਵਿਚ ਵਧਦੀ ਅਬਾਦੀ ਨੂੰ ਰੋਕਣ ਤੇ ਅੰਨ ਦੀ ਵੱਧ ਤੋਂ ਵੱਧ ਪੈਦਾਵਾਰ ਕਰਨ ਵਲ ਧਿਆਨ ਦਿੱਤਾ ਜਾਣ ਲੱਗਾ ਹੈ। ਭੁੱਖੇ ਦੇਸ਼ ਦੇ ਲੋਕ ਵਿਦੇਸ਼ਾਂ ਦੇ ਗੁਲਾਮ ਬਣ ਕੇ ਰਹਿ ਜਾਂਦੇ ਹਨ, ਪਰ ਰੱਜੇ ਹੋਏ ਦੇਸ਼ ਜਿੱਥੇ ਆਪ ਖ਼ੁਸ਼ਹਾਲ ਹੁੰਦੇ ਹਨ, ਉੱਥੇ ਉਹ ਦੁਨੀਆ ਵਿਚ ਵੀ ਮਾਣ-ਸਤਿਕਾਰ ਪ੍ਰਾਪਤ ਕਰਦੇ ਹਨ। ਇਸ ਲਈ ਇਹ ਠੀਕ ਹੀ ਕਿਹਾ ਗਿਆ ਹੈ, ”ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ।’