ਪੈਰਾ ਰਚਨਾ : ਪੀੜ੍ਹੀ-ਪਾੜਾ


ਪੀੜ੍ਹੀ-ਪਾੜਾ : ਇੱਕ ਚੁਣੌਤੀ ਜਾਂ ਨਵੀਂ ਪੀੜ੍ਹੀ ਦੀ ਬਦਲ ਰਹੀ ਦਸ਼ਾ ਤੇ ਦਿਸ਼ਾ


ਵਿਗਿਆਨਕ ਯੁੱਗ ਵਿੱਚ ਨੌਜਵਾਨਾਂ ਦੀ ਸੋਚ ਮਾਪਿਆਂ ਨਾਲੋਂ ਵੱਖਰੀ ਹੈ। ਸੋਚ ਦੀ ਇਹ ਵੱਖਰਤਾ ਹੀ ਪੀੜ੍ਹੀ-ਪਾੜਾ ਹੈ। ਕੋਈ ਵੇਲਾ ਸੀ, ਜਦੋਂ ਅਸੀਂ ਆਪਣੇ ਬਜ਼ੁਰਗਾਂ ਤੇ ਵੱਡੇ-ਵਡੇਰਿਆਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਸਾਂ ਤੇ ਉਹਨਾਂ ਤੋਂ ਢੇਰ ਸਾਰਾ ਅਸ਼ੀਰਵਾਦ, ਨਿੱਘ ਤੇ ਗਿਆਨ ਪ੍ਰਾਪਤ ਕਰਦੇ ਸਾਂ। ਰਾਤ ਵੇਲ਼ੇ ਸੁਣਾਈਆਂ ਜਾਂਦੀਆਂ ਰਾਜੇ-ਰਾਣੀਆਂ ਦੀਆਂ ਬਾਤਾਂ ਮਨੋਰੰਜਕ ਤੇ ਉਪਦੇਸ਼ਾਤਮਕ ਸਨ। ਜਿਉਂ-ਜਿਉਂ ਸਮਾਂ ਬਦਲਦਾ ਗਿਆ, ਪਰਿਵਾਰਕ ਰਿਸ਼ਤਿਆਂ ਦਾ ਆਪਸੀ ਨਿੱਘ, ਸਾਂਝ, ਆਪਣਾਪਣ, ਮੋਹ, ਆਦਰ-ਸਤਿਕਾਰ ਆਦਿ ਸਾਰਾ ਕੁਝ ਅਲੋਪ ਹੋ ਰਿਹਾ ਹੈ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਬਜ਼ੁਰਗਾਂ ਦਾ ਅਪਮਾਨ ਹੋ ਰਿਹਾ ਹੈ। ਮਾਂਵਾਂ ਛੋਟੇ ਬੱਚਿਆਂ ਨੂੰ ਦਾਦਾ-ਦਾਦੀ ਕੋਲ ਜਾਣ ਤੋਂ ਮਨ੍ਹਾਂ ਕਰਦੀਆਂ ਹਨ। ਇਸ ਦਾ ਬੱਚਿਆਂ ਦੀ ਮਾਨਸਕਤਾ `ਤੇ ਬਹੁਤ ਅਸਰ ਪੈਂਦਾ ਹੈ। ਨਵੀਂ ਪੀੜ੍ਹੀ ਨੇ ਅਤਿ-ਆਧੁਨਿਕ ਤਕਨਾਲੋਜੀ ਨੂੰ ਮਜਬੂਰੀ ਵੱਸ ਗਲਵੱਕੜੀ ਪਾ ਲਈ ਹੈ। ਨੌਕਰੀ-ਪੇਸ਼ਾ ਮਾਪਿਆਂ ਕੋਲ ਆਪਣੇ ਬੱਚਿਆਂ ਕੋਲ ਬੈਠਣ ਲਈ ਵਕਤ ਹੁੰਦਾ। ਇਸ ਕਰ ਕੇ ਅਜੋਕੀ ਪੀੜ੍ਹੀ ਦਿਸ਼ਾਹੀਣ ਹੋ ਗਈ ਹੈ। ਸਰਵੇਖਣਾਂ ਅਨੁਸਾਰ ਬਾਰਾਂ-ਚੌਦਾਂ ਸਾਲ ਤੇ ਕੁਝ ਵੱਡੀ ਉਮਰ ਦੇ ਬੱਚੇ ਆਪਣੇ ਪੜ੍ਹਨ-ਕਮਰਿਆਂ ਵਿੱਚ ਪੜ੍ਹਨ ਦੇ ਬਹਾਨੇ ਆਪਣੇ ਕੰਪਿਊਟਰ ਸਾਥੀ ਨਾਲ ਜੁੜ ਕੇ ਅਸ਼ਲੀਲ, ਹਿੰਸਕ ਤੇ ਸਨਸਨੀ ਪੈਦਾ ਕਰਨ ਵਾਲੀਆਂ ਸਾਈਟਸ ਵੇਖਦੇ ਹਨ। ਉਹ ਨਸ਼ੇ ਦੇ ਆਦੀ ਹੋ ਕੇ ਨਿੱਕੇ-ਨਿੱਕੇ ਅਪਰਾਧਾਂ ਵਿੱਚ ਸ਼ਾਮਲ ਹੋ ਗਏ ਹਨ। ਸਮਾਂ ਪਾ ਕੇ ਉਹ ਵੱਡੇ ਅਪਰਾਧੀ ਬਣ ਰਹੇ ਹਨ। ਇਸ ਲਈ ਸਾਨੂੰ ਨੈਤਿਕ ਅਧਾਰ ‘ਤੇ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਵੱਲ ਤੋਰਨ ਦਾ ਯਤਨ ਕਰਨਾ ਚਾਹੀਦਾ ਹੈ ਤੇ ਨਾਲ ਹੀ ਪੁਰਾਣੀ ਪੀੜ੍ਹੀ ਨੂੰ ਵੀ ਸਥਿਤੀਆਂ ਅਨੁਸਾਰ ਨਵੀਂ ਪੀੜ੍ਹੀ ਦੇ ਹਾਣ ਦਾ ਹੋਣਾ ਚਾਹੀਦਾ ਹੈ।