CBSEEducationਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਪਾਣੀ


ਪੈਰਾ ਰਚਨਾ : ਪਾਣੀ : ਮਹੱਤਵ ਅਤੇ ਸਮੱਸਿਆ


ਪਾਣੀ ਨਾ ਕੇਵਲ ਮਨੁੱਖਾਂ ਦੀ ਹੀ ਬਹੁਤ ਵੱਡੀ ਲੋੜ ਹੈ ਸਗੋਂ ਇਹ ਪਸ਼ੂ-ਪੰਛੀਆਂ ਲਈ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਕਿਸੇ ਵੀ ਜੀਵ ਦਾ ਜਿਊਂਣਾ ਅਸੰਭਵ ਹੈ। ਫ਼ਸਲਾਂ ਅਤੇ ਪੌਦਿਆਂ/ਰੁੱਖਾਂ ਲਈ ਵੀ ਇਹ ਵੱਡੀ ਲੋੜ ਹੈ ਅਤੇ ਇਸ ਤੋਂ ਬਿਨਾਂ ਫ਼ਸਲਾਂ ਦਾ ਹੋਣਾ ਵੀ ਅਸੰਭਵ ਹੈ। ਨ੍ਹਾਉਣ, ਕੱਪੜੇ ਧੋਣ ਅਤੇ ਰਸੋਈ ਦੇ ਕੰਮਾਂ ਵਿੱਚ ਪਾਣੀ ਦੀ ਆਮ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਪਾਣੀ ਸਾਡੀ ਉੱਨਤੀ ਅਤੇ ਖ਼ੁਸ਼ਹਾਲੀ ਲਈ ਬਹੁਤ ਜ਼ਰੂਰੀ ਹੈ। ਅਸਲੀਅਤ ਤਾਂ ਇਹ ਹੈ ਕਿ ਪਾਣੀ ਹੀ ਸਾਡਾ ਜੀਵਨ ਹੈ। ਬਿਜਲੀ ਉਤਪਾਦਨ ਦਾ ਵੱਡਾ ਭਾਗ ਪਾਣੀ ਤੋਂ ਹੀ ਪੈਦਾ ਹੁੰਦਾ ਹੈ। ਪਰ ਜੇਕਰ ਬਰਖਾ ਦੀ ਰੁੱਤ ਵਿੱਚ ਪੂਰੀ ਬਰਖਾ ਨਾ ਹੋਵੇ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਹੇਠਾਂ ਚਲਾ ਜਾਂਦਾ ਹੈ। ਚਾਵਲ ਦੀ ਫ਼ਸਲ ਦੀ ਬਿਜਾਈ ਕਾਰਨ ਵੀ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ। ਪਾਣੀ ਭਾਵੇਂ ਸਾਡਾ ਜੀਵਨ ਹੈ ਪਰ ਹੜ੍ਹਾਂ ਦੇ ਰੂਪ ਵਿੱਚ ਇਹ ਤਬਾਹੀ ਦਾ ਕਾਰਨ ਵੀ ਬਣਦਾ ਹੈ। ਸਾਡੇ ਦੇਸ ਵਿੱਚ ਕਈ ਥਾਂਵਾਂ ‘ਤੇ ਹਰ ਸਾਲ ਹੜ੍ਹ ਆਉਂਦੇ ਹਨ ਜਿਸ ਕਾਰਨ ਨਾ ਕੇਵਲ ਫ਼ਸਲਾਂ ਹੀ ਤਬਾਹ ਹੁੰਦੀਆਂ ਹਨ ਸਗੋਂ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਯੋਜਨਾਵਾਂ ਬਣਾਏ ਜਿਸ ਕਾਰਨ ਪਾਣੀ ਤੋਂ ਹੜ੍ਹਾਂ ਦੇ ਰੂਪ ਵਿੱਚ ਹੋਣ ਵਾਲ਼ੀ ਤਬਾਹੀ ਨੂੰ ਰੋਕਿਆ ਜਾ ਸਕੇ। ਸਾਨੂੰ ਰੁੱਖ ਲਗਾਉਣ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਰੁੱਖ ਜਿੱਥੇ ਬਰਖਾ ਲਿਆਉਣ ਵਿੱਚ ਮਦਦ ਕਰਦੇ ਹਨ ਉੱਥੇ ਇਹ ਹੜਾਂ ਨਾਲ ਵਹਿਣ ਵਾਲੀ ਮਿੱਟੀ ਨੂੰ ਵੀ ਬਚਾਉਂਦੇ ਹਨ। ਪਰ ਧਰਤੀ ਉੱਪਰਲਾ ਤੇ ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਪ੍ਰਦੂਸ਼ਿਤ ਹੋ ਰਿਹਾ ਹੈ। ਅਜਿਹਾ ਪਾਣੀ ਫ਼ਸਲਾਂ ਲਈ ਹੀ ਹਾਨੀਕਾਰਕ ਨਹੀਂ ਹੁੰਦਾ ਸਗੋਂ ਇਹ ਪਸ਼ੂਆਂ ਦੇ ਪੀਣ ਲਈ ਵੀ ਯੋਗ ਨਹੀਂ। ਦੂਸਰੇ ਪਾਸੇ ਖੇਤੀ ਲਈ ਵਰਤੀਆਂ ਜਾਣ ਵਾਲੀਆਂ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਕਾਰਨ ਧਰਤੀ ਹੇਠਲਾ ਪਾਣੀ ਵੀ ਪ੍ਰਭਾਵਿਤ ਹੋਇਆ ਹੈ। ਇਸ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਪਦਾਰਥ ਸ਼ਾਮਲ ਹੋ ਰਹੇ ਹਨ। ਜੇਕਰ ਇਹ ਪਾਣੀ ਸ਼ੁੱਧ ਨਾ ਕੀਤਾ ਜਾਵੇ ਤਾਂ ਸਾਡੀ ਸਿਹਤ ਲਈ ਵੀ ਠੀਕ ਨਹੀਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਪਾਣੀ ਦੀ ਜ਼ਰੂਰਤ ਅਨੁਸਾਰ ਹੀ ਵਰਤੋਂ ਕਰੀਏ। ਪਾਣੀ ਨੂੰ ਸ਼ੁੱਧ ਰੱਖਣ ਵੱਲ ਵੀ ਸਾਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।