ਪੈਰਾ ਰਚਨਾ : ਨੈਤਿਕਤਾ ਵਿੱਚ ਆ ਰਹੀ ਗਿਰਾਵਟ


ਨੈਤਿਕਤਾ ਵਿੱਚ ਆ ਰਹੀ ਗਿਰਾਵਟ


ਨੈਤਿਕ ਕਦਰਾਂ-ਕੀਮਤਾਂ ਦਾ ਅਰਥ ਹੈ : ਮਨੁੱਖ ਦੇ ਇਖ਼ਲਾਕੀ ਫ਼ਰਜ਼, ਉਸ ਦੇ ਸੰਸਕਾਰ, ਵਰਤੋਂ-ਵਿਹਾਰ ਆਦਿ। ਕੋਈ ਸਮਾਂ ਸੀ, ਜਦੋਂ ਹਰ ਕੋਈ ਰਿਸ਼ਤਿਆਂ ਦੀ ਕਦਰ ਕਰਦਾ ਸੀ ਤੇ ਇੱਕ-ਦੂਜੇ ਦਾ ਅਦਬ-ਸਤਿਕਾਰ ਕਰਨਾ ਆਪਣਾ ਫ਼ਰਜ਼ ਸਮਝਦਾ ਸੀ ਪਰ ਅੱਜ ਪਹਿਲਾਂ ਵਰਗਾ ਪਿਆਰ ਤੇ ਸਤਿਕਾਰ ਨਜ਼ਰ ਨਹੀਂ ਆਉਂਦਾ। ਅੱਜ ਇਸ ਵਿੱਚ ਗਿਰਾਵਟ ਆ ਗਈ ਹੈ, ਜਿਸ ਦਾ ਮੁੱਖ ਕਾਰਨ ਮਨੁੱਖ ਦੇ ਪੰਜ ਵਿਸ਼ੇ-ਵਿਕਾਰ ਹਨ। ਜੇਕਰ ਮਨੁੱਖ ਇਹਨਾਂ ‘ਤੇ ਕਾਬੂ ਪਾ ਲਵੇ ਤਾਂ ਉਹ ਜੱਗ ਜਿੱਤ ਕੇ ਪਰਮਾਤਮਾ ਨਾਲ ਅਭੇਦ ਹੋ ਸਕਦਾ ਹੈ। ਅੱਜ ਮਨੁੱਖ ਪੈਸੇ ਦਾ ਪੁਜਾਰੀ ਹੋ ਗਿਆ ਹੈ। ਇਸ ਨਾਲ ਪਰਿਵਾਰਾਂ ਵਿੱਚ ਪਹਿਲਾਂ ਵਰਗਾ ਮੋਹ-ਪਿਆਰ ਤੇ ਰਿਸ਼ਤਿਆਂ ਦਾ ਨਿੱਘ ਨਹੀਂ ਰਿਹਾ। ਮਾਇਆ ਦਾ ਹੰਕਾਰ ਵੀ ਉਸ ਨੂੰ ਆਪਣਿਆਂ ਤੋਂ ਦੂਰ ਕਰ ਦਿੰਦਾ ਹੈ। ਕਈ ਵਾਰੀ ਕਾਮ- ਵਾਸ਼ਨਾ ਵਿੱਚ ਅੰਨ੍ਹੇ ਹੋਏ ਮਨੁੱਖ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਭੁੱਲ ਬੈਠਦੇ ਹਨ। ਅੱਜ ਦਾ ਯੁੱਗ ਪੂੰਜੀਵਾਦੀ ਕਦਰਾਂ-ਕੀਮਤਾਂ ਵਾਲਾ ਹੈ। ਅੱਜ ਨੈਤਿਕਤਾ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਲੋਕ ਪਿਛਾਂਹ-ਖਿੱਚੂ ਸਮਝਦੇ ਸਨ। ਸਰਮਾਏਦਾਰੀ ਤੇ ਸਵਾਰਥੀ ਸੋਚ ਨੇ ਸੱਚ, ਸਹਿਜ, ਸੁਹਿਰਦਤਾ, ਸਿਆਣਪਾਂ, ਸਾਂਝ ਆਦਿ ਨੂੰ ਆਮ ਮਨੁੱਖ ਦੇ ਜੀਵਨ ਵਿਹਾਰ ‘ਚੋਂ ਕੱਢ ਦਿੱਤਾ ਹੈ। ਅੱਜ ਮਨੁੱਖ ਦੀਆਂ ਮਰ ਚੁੱਕੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਲੋੜ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ ਅਤੇ ਵਿਸ਼ੇ-ਵਿਕਾਰਾਂ ‘ਤੇ ਕਾਬੂ ਪਾਵੇ। ਆਪਣੀਆਂ ਲੋੜਾਂ, ਇੱਛਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਹੀ ਪੂਰਾ ਕਰੇ ਅਤੇ ਰਿਸ਼ਤਿਆਂ ਦਾ ਨਿੱਘ ਤੇ ਉਹਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖੇ।