ਪੈਰਾ ਰਚਨਾ : ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਏ
ਗੁਰੂ ਨਾਨਕ ਦੇਵ ਜੀ ਦਾ ਇਹ ਕਥਨ- ‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ’ -ਸੋਲਾਂ ਆਨੇ ਸੱਚ ਹੈ। ਇਸ ਦਾ ਭਾਵ ਇਹ ਹੈ ਕਿ ਕੌੜੇ ਤੇ ਫਿੱਕੇ ਬੋਲ ਬੋਲਣ ਨਾਲ ਸਰੀਰ ਤੇ ਮਨ ਦੋਵੇਂ ਫਿੱਕੇ ਅਤੇ ਬੇਰਸ ਹੋ ਜਾਂਦੇ ਹਨ। ਕੌੜਾ ਤੇ ਫਿੱਕਾ ਬੋਲਣ, ਗਾਲ੍ਹਾਂ ਖੂਬ ਕੱਢਣ ਤੇ ਸਾੜਵੀਆਂ ਗੱਲਾਂ ਕਰਨ ਵਾਲੇ ਦਾ ਮਨ ਸੜਦਾ-ਕ੍ਰਿਝਦਾ ਹੈ। ਉਸ ਦੇ ਮਨ ਦਾ ਖੇੜਾ ਤੇ ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ। ਕੋਈ ਵਿਅਕਤੀ ਵੀ ਅਜਿਹੇ ਬੰਦੇ ਨੂੰ ਚੰਗਾ ਨਹੀਂ ਸਮਝਦਾ ਅਤੇ ਹਰ ਕੋਈ ਅਜਿਹੇ ਬੰਦੇ ਤੋਂ ਦੂਰ ਰਹਿਣਾ ਹੀ ਚੰਗਾ ਸਮਝਦਾ ਹੈ। ਇਸ ਗੱਲ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਦੇਵ ਜੀ ਨੇ ਮਿੱਠਤ ਨੂੰ ਗੁਣਾਂ ਤੇ ਚੰਗਿਆਈਆਂ ਦਾ ਤੱਤ ਕਰਾਰ ਦਿੱਤਾ ਅਤੇ ਗੁਰੂ ਅਰਜਨ ਦੇਵ ਜੀ ਨੇ ਮਿਠਾਸ ਨੂੰ ਰੱਬ ਦਾ ਗੁਣ ਕਿਹਾ ਹੈ। ਮਿੱਠਤ ਹਰ ਇਕ ਦੇ ਹਿਰਦੇ ਵਿਚ ਠੰਢ ਪਾਉਂਦੀ ਹੈ। ਪਰ ਕੌੜੇ ਹਰ ਇਕ ਦੇ ਦਿਲ ਨੂੰ ਸਾੜਦੇ ਤੇ ਜ਼ਖ਼ਮੀ ਕਰਦੇ ਹਨ ਅਤੇ ਕੌੜੇ ਬੋਲਾਂ ਦਾ ਇਹ ਜ਼ਖ਼ਮ ਕਦੇ ਭਰਦਾ ਨਹੀਂ, ਸਗੋਂ ਇਕ ਨਾਸੂਰ ਬਣ ਜਾਂਦਾ ਹੈ। ਇਸੇ ਕਰਕੇ ਹੀ ਸਿਆਣਿਆਂ ਨੇ ਕਿਹਾ ਹੈ, ”ਤਲਵਾਰ ਦਾ ਫੱਟ ਮਿਲ ਜਾਂਦਾ ਹੈ, ਪਰ ਜ਼ਬਾਨ ਦਾ ਫੱਟ ਕਦੇ ਨਹੀਂ ਮਿਲਦਾ।” ਕੌੜੇ ਬੋਲ ਇਕ ਬੁਰਾਈ ਹੈ। ਇਹ ਝਗੜਾ ਪੈਦਾ ਕਰਦੇ ਹਨ ਤੇ ਅਪਰਾਧ ਨੂੰ ਜਨਮ ਦਿੰਦੇ ਹਨ, ਫਲਸਰੂਪ ਘਰੇਲੂ ਅਤੇ ਸਮਾਜਿਕ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ, ਜਿਸ ਵਿੱਚ ਜਿਊਣ ਨਾਲੋਂ ਮਨੁੱਖ ਮੌਤ ਨੂੰ ਤਰਜੀਹ ਦਿੰਦਾ ਹੈ। ਇਸ ਕਰਕੇ ਸਾਨੂੰ ਕਿਸੇ ਨਾਲ ਕੌੜਾ-ਫਿੱਕਾ ਨਹੀਂ ਬੋਲਣਾ ਚਾਹੀਦਾ। ਫਿੱਕੇ ਬੋਲਾਂ ਨਾਲ ਅਸੀਂ ਆਪਣੇ ਕੰਮ ਵਿਗਾੜ ਲੈਂਦੇ ਹਾਂ ਤੇ ਸਾਡੇ ਪੱਲੇ ਕੁੱਝ ਨਹੀਂ ਪੈਂਦਾ, ਪਰੰਤੂ ਮਿੱਠੇ ਬੋਲਾਂ ਨਾਲ ਸਾਡੇ ਪੱਲਿਓਂ ਖ਼ਰਚ ਕੁੱਝ ਵੀ ਨਹੀਂ ਹੁੰਦਾ, ਪਰ ਅਸੀਂ ਇਨ੍ਹਾਂ ਨਾਲ਼ ਹਰ ਇਕ ਚੀਜ਼ ਪ੍ਰਾਪਤ ਕਰ ਸਕਦੇ ਹਾਂ, ਸਾਡਾ ਤਨ-ਮਨ ਠੰਢਾ ਰਹਿੰਦਾ ਹੈ ਤੇ ਵਡਿਆਈ ਮਿਲਦੀ ਹੈ।