ਪੈਰਾ ਰਚਨਾ : ਨਾਨਕ ਦੁਖੀਆ ਸਭ ਸੰਸਾਰ
ਦੁਨੀਆ ਵਿਚ ਹਰ ਇਕ ਮਨੁੱਖ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਇਸ ਸੰਸਾਰ ਵਿਚ ਖ਼ਬਰੇ ਦੁੱਖ ਕੇਵਲ ਉਸ ਦੇ ਹਿੱਸੇ ਹੀ ਆਏ ਹਨ ਤੇ ਬਾਕੀ ਸਾਰੇ ਸੁਖੀ ਹਨ। ਇਸ ਭੁਲੇਖੇ ਕਾਰਨ ਮਨੁੱਖ ਦੇ ਦੁੱਖ ਉਸ ਨੂੰ ਵਧੇਰੇ ਪਰੇਸ਼ਾਨ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ‘ਨਾਨਕ ਦੁਖੀਆ ਸਭ ਸੰਸਾਰ’ ਦੇ ਕਥਨ ਨਾਲ ਸਾਡਾ ਇਹ ਭੁਲੇਖਾ ਤੇ ਪਰੇਸ਼ਾਨੀ ਦੂਰ ਕਰਨ ਦਾ ਯਤਨ ਕੀਤਾ ਹੈ । ਸ਼ੇਖ਼ ਫ਼ਰੀਦ ਜੀ ਨੇ ਵੀ ਮਨੁੱਖੀ ਹਿਰਦੇ ਦੇ ਇਸ ਭੁਲੇਖੇ ਬਾਰੇ ਅਜਿਹਾ ਭਾਵ ਹੀ ਪ੍ਰਗਟ ਕੀਤਾ ਹੈ। ਉਹ ਲਿਖਦੇ ਹਨ-
ਫ਼ਰੀਦਾ ਮੈਂ ਜਾਨਿਆ, ਦੁਖ ਮੁਝ ਕੋ, ਦੁਖ ਸਬਾਇਐ ਜਗੁ॥
ਉਚੈ ਚੜ੍ਹ ਕੇ ਦੇਖਿਆ, ਘਰਿ ਘਰਿ ਏਹਾ ਆਗੂ।
ਭਾਵ ਇਹ ਕਿ ”ਮੈਂ ਸਮਝਿਆ ਸੀ ਕਿ ਕੇਵਲ ਮੈਂ ਹੀ ਦੁਖੀ ਹਾਂ, ਪਰ ਦੁੱਖ ਸਾਰੇ ਲੋਕਾਂ ਨੂੰ ਹਨ। ਸੋਚ-ਵਿਚਾਰ ਕਰਨ ਤੇ ਪਤਾ ਲੱਗਾ ਕਿ ਦੁੱਖਾਂ ਦੀ ਅੱਗ ਹਰ ਇਕ ਘਰ ਨੂੰ ਲੱਗੀ ਹੋਈ ਹੈ।” ਕਿਸੇ ਨੂੰ ਕੋਈ ਦੁੱਖ ਹੈ ਤੇ ਕਿਸੇ ਨੂੰ ਕੋਈ। ਅਸੀਂ ਸਮਝਦੇ ਹਾਂ ਕਿ ਰਾਜਿਆਂ, ਮਹਾਰਾਜਿਆਂ, ਅਮੀਰਾਂ, ਵਜ਼ੀਰਾਂ ਤੇ ਧਨਾਢਾਂ ਨੂੰ ਕੋਈ ਦੁੱਖ ਨਹੀਂ ਹੁੰਦਾ, ਪਰ ਇੱਥੇ ‘ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ’ ਵਾਲੀ ਗੱਲ ਹੁੰਦੀ ਹੈ। ਰਾਜੇ ਨੂੰ ਆਪਣੀ ਗੱਦੀ ਖੁੱਸਣ ਦਾ, ਵਜ਼ੀਰ ਨੂੰ ਰਾਜੇ ਦੇ ਗੁੱਸੇ ਦਾ ਅਤੇ ਧਨਾਢ ਨੂੰ ਚੋਰਾਂ ਤੇ ਆਮਦਨ-ਕਰ ਵਾਲਿਆਂ ਦੇ ਡਰ ਦਾ ਦੁੱਖ ਘੁਣ ਵਾਂਗ ਖਾਂਦਾ ਰਹਿੰਦਾ ਹੈ। ਗੁਰੂ ਸਾਹਿਬ ਦਾ ਵਿਚਾਰ ਵੀ ਇਹੋ ਹੈ ਕਿ ਦੁੱਖ ਤਾਂ ਵੱਡੇ-ਵੱਡੇ ਬਾਦਸ਼ਾਹਾਂ, ਅਵਤਾਰਾਂ, ਪੀਰਾਂ, ਪੈਗ਼ੰਬਰਾਂ ਦੇ ਸਿਰ ਵੀ ਆਏ ਹਨ। ਇਨ੍ਹਾਂ ਤੋਂ ਕੋਈ ਬਚ ਨਹੀਂ ਸਕਦਾ। ਗੁਰੂ ਜੀ ਨੇ ਦੁੱਖਾਂ ਨੂੰ ਮਨੁੱਖੀ ਜੀਵਨ ਲਈ ਦਾਰੂ ਤੇ ਸੁੱਖਾਂ ਨੂੰ ਰੋਗ ਕਰਾਰ ਦਿੱਤਾ ਹੈ। ਦੁੱਖਾਂ ਵਿਚ ਪਿਆ ਮਨੁੱਖ, ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਜੱਦੋ-ਜਹਿਦ ਕਰਦਾ ਹੋਇਆ, ਜੀਵਨ ਵਿਚ ਨਵੀਆਂ ਮੰਜ਼ਲਾਂ ਪ੍ਰਾਪਤ ਕਰਦਾ ਹੈ। ਫਲਸਰੂਪ ਉਸ ਦੇ ਜੀਵਨ ਵਿਚ ਸੁਖ, ਖੇੜਾ ਤੇ ਅਨੰਦ ਪੈਦਾ ਹੁੰਦੇ ਹਨ, ਇਸ ਕਰਕੇ ਮਨੁੱਖ ਨੂੰ ਕਦੇ ਵੀ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਦੁੱਖ-ਸੁਖ ਜੀਵਨ ਦਾ ਅਟੁੱਟ ਅੰਗ ਹਨ।