ਪੈਰਾ ਰਚਨਾ : ਦੇਸ਼-ਭਗਤੀ/ਦੇਸ਼-ਪ੍ਰੇਮ
ਦੇਸ਼-ਪਿਆਰ ਜਾਂ ਦੇਸ਼-ਭਗਤੀ ਦਾ ਜਜ਼ਬਾ ਇੱਕ ਪਵਿੱਤਰ ਜਜ਼ਬਾ ਹੈ। ਕੋਈ ਭਾਵੇਂ ਦੇਸ਼ ਤੋਂ ਕਿੰਨੀ ਦੂਰ ਰਹਿੰਦਾ ਹੋਵੇ, ਦੇਸ਼ ਦੀਆਂ ਤਸਵੀਰਾਂ ਵੇਖ ਕੇ, ਦੇਸ਼ ਬਾਰੇ ਕੁਝ ਜਾਣ ਕੇ, ਦੇਸੋਂ ਆਏ ਬੰਦੇ ਨੂੰ ਮਿਲ ਕੇ ਉਸ ਦੇ ਮਨ ਵਿੱਚ ਦੇਸ਼ ਪ੍ਰਤੀ ਮੋਹ ਜ਼ਰੂਰ ਜਾਗ ਜਾਂਦਾ ਹੈ। ਪੰਜਾਬੀ ਦਾ ਅਖਾਣ ਹੈ; ‘ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ’। ਭਾਵ ਬੰਦਾ ਭਾਵੇਂ ਜਿੱਥੇ ਮਰਜ਼ੀ ਘੁੰਮ ਆਵੇ, ਪਰ ਜੋ ਮੋਹ ਉਸ ਦਾ ਆਪਣੀ ਮਿੱਟੀ ਨਾਲ ਹੁੰਦਾ ਹੈ, ਉਹ ਹੋਰ ਕਿਸੇ ਥਾਂ ਨਾਲ ਨਹੀਂ ਹੁੰਦਾ। ਬਹੁਤ ਸਾਰੇ ਵਿਅਕਤੀ ਅਜਿਹੇ ਵੇਖਣ-ਸੁਣਨ ਨੂੰ ਮਿਲਦੇ ਹਨ, ਜਿਨ੍ਹਾਂ ਦੀ ਇਹ ਇੱਛਾ ਹੁੰਦੀ ਹੈ ਕਿ ਮਰਨ ਪਿੱਛੋਂ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੀ ਜਨਮ ਭੂਮੀ ‘ਤੇ ਕੀਤਾ ਜਾਵੇ। ਪ੍ਰੋ: ਪੂਰਨ ਸਿੰਘ ਦੀ ਧਾਰਨਾ ਹੈ ਕਿ ਦੇਸ਼-ਪਿਆਰ ਦਾ ਜਜ਼ਬਾ ਦੇਸ਼-ਪਿਆਰ ਜਾਂ ਦੇਸ਼-ਭਗਤੀ ਸਬੰਧੀ ਪੁਸਤਕਾਂ ਪੜ੍ਹਨ, ਭਾਸ਼ਣ ਸੁਣਨ, ਜਾਂ ਦੇਸ਼-ਭਗਤੀ ਦੇ ਗੀਤ ਗਾਉਣ ਨਾਲ ਨਹੀਂ ਪੈਦਾ ਹੁੰਦਾ, ਇਹ ਜਜ਼ਬਾ ਦੇਸ਼-ਵਾਸੀਆਂ ਦੀਆਂ ਪੀੜ੍ਹੀਆਂ ਦੀ ਸੱਚੀ-ਸੁੱਚੀ ਮਿਹਨਤ ਦੁਆਰਾ ਆਉਂਦਾ ਹੈ ਅਤੇ ਜਾਣ ਲੱਗਿਆਂ ਵੀ ਏਨਾ ਹੀ ਸਮਾਂ ਲੱਗਦਾ ਹੈ। ਦੇਸ਼ ਨੂੰ ਪਿਆਰ ਕਰਨ ਵਾਲੇ ਆਪਣਾ ਆਪਾ, ਆਪਣਾ ਸਭ ਕੁਝ ਦੇਸ਼ ਦੀ ਖ਼ਾਤਰ ਵਾਰ ਦਿੰਦੇ ਹਨ। ਇਸ ਦੀ ਮਿਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼ਿਵਾ ਜੀ, ਸ: ਭਗਤ ਸਿੰਘ, ਸ: ਕਰਤਾਰ ਸਿੰਘ ਸਰਾਭਾ, ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ ਆਦਿ ਦੇ ਜੀਵਨ ਤੋਂ ਮਿਲਦੀ ਹੈ। ਦੇਸ਼-ਭਗਤਾਂ ਦਾ ਆਪਣਾ ਆਪਾ ਅਤੇ ਸੰਪਤੀ ਦੇਸ਼ ਲਈ ਹੁੰਦਾ ਹੈ। ਉਹ ਹੋਰਨਾਂ ਦੇ ਮੁਕਾਬਲੇ ਵਿੱਚ ਪਹਿਲ ਦੇਸ਼ ਨੂੰ ਦਿੰਦੇ ਹਨ। ਅਜਿਹੇ ਲੋਕ ਸਵੈ-ਭਗਤ ਨਹੀਂ ਹੁੰਦੇ, ਸਗੋਂ ਸਹੀ ਸ਼ਬਦਾਂ ਵਿੱਚ ਦੇਸ਼-ਭਗਤ ਹੁੰਦੇ ਹਨ। ਉਨ੍ਹਾਂ ਨੂੰ ਕੇਵਲ ਆਪਣੇ ਇਲਾਕੇ ਜਾਂ ਆਪਣੇ ਪ੍ਰਾਂਤ ਨਾਲ ਪਿਆਰ ਨਹੀਂ ਹੁੰਦਾ, ਸਗੋਂ ਸਮੁੱਚੇ ਦੇਸ਼ ਨਾਲ, ਦੇਸ਼ ਦੇ ਕਿਣਕੇ-ਕਿਣਕੇ ਨਾਲ ਪਿਆਰ ਹੁੰਦਾ ਹੈ। ਦੇਸ਼ ਨਾਲ ਪਿਆਰ ਕਰਨ ਵਾਲੇ ਗ਼ਰੀਬੀ, ਭੁੱਖਾਂ ਅਤੇ ਮੰਦਹਾਲੀ ਦੇ ਦਿਨ ਤਾਂ ਕੱਟ ਲੈਂਦੇ ਹਨ, ਪਰ ਦੁਸ਼ਮਣ ਦੁਆਰਾ ਦਿੱਤੇ ਜਾਣ ਵਾਲੇ ਵੱਡੇ-ਵੱਡੇ ਲਾਲਚਾਂ ਨੂੰ ਲੱਤ ਮਾਰ ਦਿੰਦੇ ਹਨ। ਆਓ ਮਹਾਂਕਵੀ ਰਬਿੰਦਰ ਨਾਥ ਟੈਗੋਰ ਵਾਂਗ ਪਰਮ ਪਿਤਾ ਪਰਮਾਤਮਾ ਕੋਲੋਂ ਇੱਕੋ-ਇੱਕ ਖੈਰ ਮੰਗੀਏ, ਤੇ ਉਹ ਹੈ ਦੇਸ਼-ਪਿਆਰ ਦੀ ਖ਼ੈਰ।