ਪੈਰਾ ਰਚਨਾ : ਤਿਉਹਾਰ ਦਾ ਦਿਨ


ਤਿਉਹਾਰਾਂ ਦਾ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਰੱਖੜੀ, ਦਸਹਿਰਾ, ਦਿਵਾਲੀ, ਲੋਹੜੀ, ਬਸੰਤ, ਹੋਲੀ, ਵਿਸਾਖੀ ਆਦਿ ਤਿਉਹਾਰ ਭਾਵੇਂ ਵਿਸ਼ੇਸ਼ ਪ੍ਰਸੰਗਾਂ ਨਾਲ ਜੁੜੇ ਹੋਏ ਹਨ ਪਰ ਅਸੀਂ ਇਹਨਾਂ ਨੂੰ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਉਂਦੇ ਹਾਂ। ਤਿਉਹਾਰ ਕੋਈ ਵੀ ਹੋਵੇ, ਸਾਡੇ ਜੀਵਨ ਨੂੰ ਖ਼ੁਸ਼ੀ ਪ੍ਰਦਾਨ ਕਰਦਾ ਹੈ। ਇਸੇ ਲਈ ਤਿਉਹਾਰ ਦੇ ਦਿਨ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਵੱਡੇ ਤਿਉਹਾਰਾਂ ਨੂੰ ਮਨਾਉਣ ਲਈ ਤਾਂ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਘਰਾਂ ਦੀ ਸਫ਼ਾਈ ਵੀ ਕੀਤੀ ਜਾਂਦੀ ਹੈ। ਤਿਉਹਾਰ ਵਾਲ਼ੇ ਦਿਨ ਸਭ ਲੋਕਾਂ ਵਿੱਚ ਵਿਸ਼ੇਸ਼ ਉਤਸ਼ਾਹ ਹੁੰਦਾ ਹੈ। ਲੋਕ ਨਵੇਂ ਕੱਪੜੇ ਪਾਉਂਦੇ ਹਨ, ਮਿਠਿਆਈਆਂ ਖ਼ਰੀਦਦੇ ਤੇ ਵੰਡਦੇ ਹਨ ਅਤੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੰਦੇ ਹਨ। ਤਿਉਹਾਰ ਵਾਲ਼ੇ ਦਿਨ ਘਰਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਇਸ ਦਿਨ ਸਭ ਪਾਸੇ ਖੁਸ਼ੀ ਟਪਕਦੀ ਦਿਖਾਈ ਦਿੰਦੀ ਹੈ। ਬਜ਼ਾਰਾਂ ਵਿੱਚ ਚਹਿਲ-ਪਹਿਲ ਹੁੰਦੀ ਹੈ। ਤਿਉਹਾਰ ਵਾਲੇ ਦਿਨ ਬੱਚਿਆਂ ਦੀ ਖ਼ੁਸ਼ੀ ਵੀ ਦੇਖਣ ਵਾਲੀ ਹੁੰਦੀ ਹੈ। ਉਹਨਾਂ ਨੂੰ ਤਿਉਹਾਰ ਦੇ ਦਿਨ ਦਾ ਚਾਅ ਚੜ੍ਹਿਆ ਹੁੰਦਾ ਹੈ। ਉਹ ਆਪਣੇ ਘਰਦਿਆਂ ਨਾਲ ਬਜ਼ਾਰ ਜਾ ਕੇ ਆਪਣੀ ਮਨ-ਪਸੰਦ ਦੀਆਂ ਚੀਜ਼ਾਂ ਖ਼ਰੀਦਦੇ ਹਨ। ਜੇਕਰ ਨੇੜੇ-ਤੇੜੇ ਕਿਤੇ ਮੇਲਾ ਲੱਗਾ ਹੋਵੇ ਤਾਂ ਉਹ ਉੱਥੇ ਜਾ ਕੇ ਮੇਲੇ ਦਾ ਵੀ ਅਨੰਦ ਮਾਣਦੇ ਹਨ। ਤਿਉਹਾਰ ਨਾਲ ਸੰਬੰਧਿਤ ਰਸਮਾਂ ਨੂੰ ਹਰ ਕੋਈ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਉਂਦਾ ਹੈ। ਤਿਉਹਾਰ ਦਾ ਦਿਨ ਸਾਡੇ ਲਈ ਸੱਚ-ਮੁੱਚ ਹੀ ਖ਼ੁਸ਼ੀਆਂ ਦਾ ਦਿਨ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਜੀਵਨ ਵਿੱਚ ਖ਼ੁਸ਼ੀਆਂ ਭਰੇ ਅਜਿਹੇ ਦਿਨ ਆਉਂਦੇ ਰਹਿਣ ਅਤੇ ਉਸ ਦੇ ਜੀਵਨ ਨੂੰ ਖ਼ੁਸ਼ੀ ਦਿੰਦੇ ਰਹਿਣ।