ਪੈਰਾ ਰਚਨਾ : ਟੁੱਟਦੇ ਸਮਾਜਿਕ ਰਿਸ਼ਤੇ


ਟੁੱਟਦੇ ਸਮਾਜਿਕ ਰਿਸ਼ਤੇ


ਸਮਾਜ ਵਿੱਚ ਰਹਿੰਦਿਆਂ ਵੀ ਮਨੁੱਖ ਇੱਕ-ਦੂਜੇ ਨਾਲ ਰਿਸ਼ਤੇ ਬਣਾ ਲੈਂਦੇ ਹਨ; ਜਿਵੇਂ ਆਂਢ-ਗੁਆਂਢ ਦਾ ਰਿਸ਼ਤਾ, ਮਾਲਕ-ਨੌਕਰ ਦਾ ਰਿਸ਼ਤਾ ਆਦਿ। ਪਹਿਲਾਂ-ਪਹਿਲ ਇਹ ਰਿਸ਼ਤੇ ਵੀ ਖ਼ੂਨ ਦੇ ਰਿਸ਼ਤਿਆਂ ਵਰਗੇ ਹੁੰਦੇ ਸਨ, ਪਰ ਸਮਾਂ ਬਦਲਣ ਨਾਲ ਇਹ ਵੀ ਬਦਲ ਗਏ ਹਨ। ਪੈਸੇ ਦਾ ਪੁਜਾਰੀ ਮਨੁੱਖ ਸਵਾਰਥੀ ਹੋ ਗਿਆ ਹੈ। ਉੱਚੀ ਪਦਵੀ ਜਾਂ ਸਰਕਾਰੀ ਨੌਕਰੀ ਦਾ ਹੰਕਾਰ ਵੀ ਹੈ। ਨਤੀਜੇ ਵਜੋਂ ਰਿਸ਼ਤਿਆਂ ਵਿੱਚ ਦੂਰੀਆਂ ਪੈ ਜਾਂਦੀਆਂ ਹਨ। ਦੂਜਿਆਂ ਦੀਆਂ ਲੱਤਾਂ ਖਿੱਚਣਾ ਵੀ ਇੱਕ ਸ਼ੁਗਲ ਬਣ ਗਿਆ ਹੈ। ਨਤੀਜੇ ਵਜੋਂ ਲਾਗਤਬਾਜੀ ਵਾਲਾ ਰਵੱਈਆ ਆਪਸ ਵਿੱਚ ਨਫ਼ਰਤ ਦਾ ਕਾਰਨ ਬਣ ਜਾਂਦਾ ਹੈ। ਅੱਜ ਸੀਮਿਤ ਲੋਕਾਂ ਨਾਲ ਮੇਲ-ਮਿਲਾਪ ਰੱਖਣਾ ਹੀ ਸ਼ਾਨੋ-ਸ਼ੌਕਤ ਬਣ ਗਿਆ ਹੈ। ਪਹਿਲਾਂ-ਪਹਿਲ ਤਾਂ ਮਨੁੱਖ ਸ਼ਾਮ ਨੂੰ ਆਪਣੇ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਪਿੰਡਾਂ ਦੀਆਂ ਸੱਥਾਂ ਜਾਂ ਬੋਹੜਾਂ ਥੱਲੇ ਬੈਠਦੇ ਸਨ। ਫਿਰ ਪਾਰਕਾਂ ਵਿੱਚ ਬੈਠਣਾ ਸ਼ੁਰੂ ਹੋ ਗਿਆ। ਰਹਿੰਦੀ ਕਸਰ ਕੰਪਿਊਟਰ, ਇੰਟਰਨੈੱਟ ਤੇ ਮੋਬਾਈਲ ਆਦਿ ਨੇ ਪੂਰੀ ਕਰ ਦਿੱਤੀ ਹੈ। ਹਰ ਉਮਰ ਦੇ ਲੋਕ ਘਰ ‘ਚ ਹੀ ਰੁੱਝੇ ਹੋਏ ਹਨ। ਕਿਸੇ ਨੂੰ ਆਂਢ-ਗੁਆਂਢ ਦੀ ਕੋਈ ਖ਼ਬਰ ਨਹੀਂ ਹੁੰਦੀ। ਪੱਛਮੀਕਰਨ ਦੇ ਪ੍ਰਭਾਵ ਹੇਠ ਅਸੀਂ ਵੀ ਅਜ਼ਾਦੀ ਭਾਲਦੇ ਹੋਏ ਇਕੱਲੇ ਰਹਿਣਾ ਚਾਹੁੰਦੇ ਹਾਂ। ਅੱਜ ਮਨੁੱਖ ਪੈਸਾ ਕਮਾਉਣ ਦੇ ਚੱਕਰ ਵਿੱਚ ਸਮਾਜਿਕ ਰਿਸ਼ਤਿਆਂ ਨੂੰ ਭੁੱਲਦਾ ਜਾ ਰਿਹਾ ਹੈ। ਇੰਜ ਮਾਨਸਕ ਤੌਰ ‘ਤੇ ਉਹ ਇਕੱਲਾ ਰਹਿ ਗਿਆ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਬਿਲਕੁਲ ਹੀ ਖ਼ੁਦਗਰਜ਼ ਨਾ ਬਣੇ, ਬਲਕਿ ਵਿਹਲ ਕੱਢ ਕੇ ਆਪਸੀ ਮੇਲ-ਜੋਲ ਵਧਾਵੇ। ਘਰ-ਪਰਿਵਾਰ, ਦਫ਼ਤਰ ਤੇ ਆਂਢ-ਗੁਆਂਢ ਵਿੱਚ ਇੱਕ-ਦੂਜੇ ਨਾਲ ਭਾਵਨਾਤਮਕ ਸਾਂਝ ਤੇ ਹਮਦਰਦੀ ਦੀ ਭਾਵਨਾ ਬਣਾਈ ਰੱਖੇ।