ਪੈਰਾ ਰਚਨਾ : ਟਿਕਟਾਂ ਇਕੱਠੀਆਂ ਕਰਨ ਦਾ ਸ਼ੌਕ


ਮਨੁੱਖ ਦਾ ਸੁਭਾਅ ਸ਼ੁਰੂ ਤੋਂ ਹੀ ਰੰਗ-ਬਿਰੰਗੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਰਿਹਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ, ਟਿਕਟਾਂ, ਰੰਗਦਾਰ ਪੱਥਰ ਅਤੇ ਵੱਖ-ਵੱਖ ਤਰ੍ਹਾਂ ਦੇ ਸਿੱਕੇ ਮਨੁੱਖ ਨੂੰ ਆਪਣੇ ਵੱਲ ਖਿੱਚਦੇ ਰਹੇ ਹਨ। ਡਾਕੀਆ ਕੋਈ ਲਿਫ਼ਾਫ਼ਾ ਦੇ ਕੇ ਜਾਵੇ ਤਾਂ ਕੁਝ ਲੋਕ ਸਭ ਤੋਂ ਪਹਿਲਾਂ ਉਸ ਉੱਪਰ ਲੱਗੀਆਂ ਟਿਕਟਾਂ ਲਾਹੁਣ ਦੀ ਕਰਦੇ ਹਨ। ਅਜਿਹਾ ਕਰਨਾ ਟਿਕਟਾਂ ਪ੍ਰਤਿ ਮਨੁੱਖ ਦੀ ਉਤਸੁਕਤਾ ਨੂੰ ਜ਼ਾਹਰ ਕਰਦਾ ਹੈ। ਟਿਕਟਾਂ ਇਕੱਠੀਆਂ ਕਰਨੀਆਂ ਵੀ ਇੱਕ ਸ਼ੌਕ ਹੈ ਜਿਸ ਤੋਂ ਸਾਨੂੰ ਕਈ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ। ਟਿਕਟਾਂ ਸਾਨੂੰ ਕਿਸੇ ਖ਼ਾਸ ਵਿਅਕਤੀ ਅਤੇ ਉਸ ਦੇ ਜਨਮ ਤੇ ਮੌਤ ਬਾਰੇ ਜਾਣਕਾਰੀ ਦਿੰਦੀਆਂ ਹਨ। ਇਤਿਹਾਸ ਦੀਆਂ ਪ੍ਰਸਿੱਧ ਝਾਕੀਆਂ, ਪੁਰਾਤਨ ਇਮਾਰਤਾਂ, ਪ੍ਰਸਿੱਧ ਵਿਗਿਆਨੀਆਂ, ਮਹਾਂਪੁਰਸ਼ਾਂ, ਖੇਡਾਂ ਅਤੇ ਸੱਭਿਆਚਾਰ ਦੇ ਵਿਭਿੰਨ ਪੱਖਾਂ ਬਾਰੇ ਜਾਣਕਾਰੀ ਦੇਣ ਵਿੱਚ ਟਿਕਟਾਂ ਸਾਡੀ ਮਦਦ ਕਰਦੀਆਂ ਹਨ। ਇਹ ਟਿਕਟਾਂ ਸਾਨੂੰ ਵਿਭਿੰਨ ਖੇਤਰਾਂ ਵਿੱਚ ਹੋਈ ਤਰੱਕੀ ਤੋਂ ਵੀ ਜਾਣੂ ਕਰਵਾਉਂਦੀਆਂ ਹਨ। ਲੋਕ ਵੱਖ-ਵੱਖ ਤਰ੍ਹਾਂ ਦੀਆਂ ਦੇਸੀ ਅਤੇ ਵਿਦੇਸੀ ਟਿਕਟਾਂ ਐਲਬਮ ਵਿੱਚ ਇਕੱਠੀਆਂ ਕਰਦੇ ਹਨ। ਉਹ ਟਿਕਟਾਂ ਇਕੱਠੀਆਂ ਕਰਨ ਵਾਲੇ ਦੂਜੇ ਲੋਕਾਂ ਨਾਲ ਟਿਕਟਾਂ ਦੀ ਬਦਲੀ ਵੀ ਕਰਦੇ ਹਨ। ਇਸ ਨਾਲ ਇੱਕ ਦੂਜੇ ਦੀ ਮਦਦ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਭਾਈਚਾਰਾ ਵਧਦਾ ਹੈ। ਟਿਕਟਾਂ ਜਿੱਥੇ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ ਉੱਥੇ ਸਾਨੂੰ ਚੀਜ਼ਾਂ ਨੂੰ ਠੀਕ ਢੰਗ ਨਾਲ ਰੱਖਣ ਦੀ ਆਦਤ ਵੀ ਪਾਉਂਦੀਆਂ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਵਿਹਲਾ ਸਮਾਂ ਅਜਾਈਂ ਨਾ ਗਵਾਈਏ ਸਗੋਂ ਇਸ ਦੀ ਵਰਤੋਂ ਟਿਕਟਾਂ ਇਕੱਠੀਆਂ ਕਰਨ ਵਰਗੇ ਸ਼ੌਕ ਲਈ ਕਰੀਏ। ਇਸ ਤਰ੍ਹਾਂ ਅਸੀਂ ਆਪਣੀ ਪੜ੍ਹਾਈ ਦੇ ਨਾਲ-ਨਾਲ ਹੋਰ ਗਿਆਨ ਵੀ ਪ੍ਰਾਪਤ ਕਰ ਸਕਦੇ ਹਾਂ।