ਪੈਰਾ ਰਚਨਾ : ਚੰਗਾ ਵਿਦਿਆਰਥੀ


ਅੱਜ ਦਾ ਜ਼ਮਾਨਾ ਪੜ੍ਹੇ-ਲਿਖੇ ਤੇ ਯੋਗਤਾ-ਪ੍ਰਾਪਤ ਲੋਕਾਂ ਦਾ ਹੈ। ਬਹੁਤੀ ਯੋਗਤਾ ਰੱਖਣ ਵਾਲਾ ਵਿਅਕਤੀ ਹੀ ਜੀਵਨ ਦੀ ਦੌੜ ਵਿਚ ਸਫਲ ਹੁੰਦਾ ਹੈ। ਮਾੜੇ ਤੇ ਕਮਜ਼ੋਰ ਵਿਅਕਤੀ ਹਮੇਸ਼ਾਂ ਪਿੱਛੇ ਰਹਿ ਜਾਂਦੇ ਹਨ।

ਅੱਜ ਦੇ ਸਮੇਂ ਵਿਚ ਸਰੀਰਕ ਤੌਰ ‘ਤੇ ਸ਼ਕਤੀਸ਼ਾਲੀ ਮਨੁੱਖ ਨਾਲੋਂ ਦਿਮਾਗੀ ਤੌਰ ਤੇ ਚੁਸਤ ਤੇ ਬੁੱਧੀਮਾਨ ਵਧੇਰੇ ਸਫਲ ਹੁੰਦੇ ਹਨ। ਮਨੁੱਖ ਨੇ ਚਤੁਰਾਈ ਤੇ ਸਿਆਣਪ ਨਾਲ ਹੀ ਹਾਥੀ ਤੇ ਗੈਂਡੇ ਵਰਗੇ ਸ਼ਕਤੀਸ਼ਾਲੀ ਜਾਨਵਰਾਂ ਉੱਪਰ ਕਾਬੂ ਪਾਇਆ ਹੈ ਅਤੇ ਚੰਦ ਤਕ ਉਡਾਰੀਆਂ ਮਾਰੀਆਂ ਹਨ। ਇਸ ਕਰਕੇ ਚੰਗਾ ਵਿਦਿਆਰਥੀ ਉਹੋ ਹੀ ਹੈ, ਜੋ ਸਕੂਲਾਂ ਤੇ ਕਾਲਜਾਂ ਵਿਚ ਪ੍ਰਾਪਤ ਹੁੰਦੀ ਵਿੱਦਿਆ ਦੀ ਮਹਾਨਤਾ ਨੂੰ ਸਮਝਦਾ ਹੈ ਕਿ ਇਸ ਨਾਲ ਉਸ ਦੇ ਜੀਵਨ-ਸੰਘਰਸ਼ ਲਈ ਤਿਆਰੀ ਹੋ ਰਹੀ ਹੈ। ਉਸ ਨੂੰ ਆਪ ਇਹ ਜੀਵਨ ਇਕ ਤਪੱਸਵੀ ਵਾਂਗ ਗੁਜ਼ਾਰਨਾ ਚਾਹੀਦਾ ਹੈ, ਕਿਉਂਕਿ ਉਹ ਸਮਝਦਾ ਹੈ ਇਸ ਸੰਘਰਸ਼ ਹੀ ਉਸ ਦੇ ਭਵਿੱਖ ਦੇ ਜੀਵਨ ਦੀ ਰੂਪ-ਰੇਖਾ ਉੱਸਰੇਗੀ ।

ਉਹ ਆਪਣਾ ਸਮਾਂ ਅਜਾਈਂ ਨਹੀਂ ਗੁਆਉਂਦਾ ਤੇ ਸਮੇਂ ਦਾ ਪਾਬੰਦ ਰਹਿੰਦਾ ਹੈ। ਉਹ ਆਪਣੇ ਹਰ ਕੰਮ ਲਈ ਸਮਾਂ ਮਿੱਥ ਕੇ ਉਸ ਉੱਪਰ ਦ੍ਰਿੜ੍ਹਤਾ ਨਾਲ ਅਮਲ ਕਰਦਾ ਹੈ । ਉਹ ਲਗਨ, ਪ੍ਰੇਮ ਤੇ ਸ਼ਰਧਾ ਨਾਲ ਆਪਣੇ ਅਧਿਆਪਕਾਂ ਤੋਂ ਵਿੱਦਿਆ ਗ੍ਰਹਿਣ ਕਰਦਾ ਹੈ। ਉਹ ਪਾਠ-ਪੁਸਤਕਾਂ ਤੋਂ ਇਲਾਵਾ ਲਾਇਬਰੇਰੀ ਵਿਚੋਂ ਹੋਰਨਾਂ ਪੁਸਤਕਾਂ ਦਾ ਅਧਿਐਨ ਕਰਕੇ ਆਪਣੇ ਗਿਆਨ ਵਿਚ ਵਾਧਾ ਕਰਦਾ ਰਹਿੰਦਾ ਹੈ। ਉਹ ਅਨੁਸ਼ਾਸਨ ਦਾ ਪਾਬੰਦ ਹੁੰਦਾ ਹੈ। ਉਹ ਸਕੂਲ ਵਿਚ ਬਣੇ ਨੇਮਾਂ ਦੀ ਪਾਲਣਾ ਕਰਦਾ ਹੈ। ਉਸ ਦਾ ਆਪਣੇ ਮਾਪਿਆਂ ਤੇ ਅਧਿਆਪਕਾਂ ਪ੍ਰਤੀ ਰਵੱਈਆ ਆਦਰ-ਭਰਪੂਰ ਹੁੰਦਾ ਹੈ।

ਉਹ ਆਪਣੀ ਬੌਧਿਕ ਉੱਨਤੀ ਦੇ ਨਾਲ-ਨਾਲ ਆਪਣੀ ਸਰੀਰਕ ਸਿਹਤ ਦਾ ਵੀ ਪੂਰਾ-ਪੂਰਾ ਖ਼ਿਆਲ ਰੱਖਦਾ ਹੈ। ਉਹ ਨਿਰਾ ਕਿਤਾਬੀ ਕੀੜਾ ਨਹੀਂ ਹੁੰਦਾ, ਸਗੋਂ ਕਸਰਤ, ਸੈਰ ਤੇ ਖੇਡਾਂ ਨੂੰ ਵੀ ਨਿਸਚਿਤ ਸਮਾਂ ਦਿੰਦਾ ਹੈ। ਉਹ ਚੰਗੀ ਖ਼ੁਰਾਕ ਖਾਂਦਾ ਹੈ ਤੇ ਪ੍ਰਸੰਨ-ਚਿਤ ਰਹਿੰਦਾ ਹੈ। ਉਹ ਭੈੜੀ ਸੰਗਤ ਤੋਂ ਬਚਦਾ ਤੇ ਸਦਾਚਾਰਕ ਗੁਣ ਗ੍ਰਹਿਣ ਕਰਦਾ ਹੈ। ਗੱਲਬਾਤ ਤੇ ਵਰਤੋਂ-ਵਿਹਾਰ ਵਿਚ ਉਹ ਮਿਠਾਸ ਤੇ ਨਿਮਰਤਾ ਦਾ ਪੱਲਾ ਨਹੀਂ ਛੱਡਦਾ। ਉਹ ਹੱਥੀਂ ਕੰਮ ਕਰਨ ਨੂੰ ਨਫ਼ਰਤ ਨਹੀਂ ਕਰਦਾ ਤੇ ਆਪਣੇ ਆਪ ਨੂੰ ਇਕ ਸੰਘਰਸ਼ਸ਼ੀਲ ਤੇ ਮਿਹਨਤੀ ਵਿਦਿਆਰਥੀ ਦੇ ਰੂਪ ਵਿਚ ਪੇਸ਼ ਕਰਦਾ ਹੈ।