ਪੈਰਾ ਰਚਨਾ : ਚੰਗਾ ਗੁਆਂਢੀ
ਚੰਗਾ ਗੁਆਂਢੀ
‘ਹਮਸਾਇਆ ਮਾਂ-ਪਿਉ ਜਾਇਆ’ ਅਖਾਣ ਇੱਕ ਗੁਆਂਢੀ ਦੀ ਵਿਸ਼ੇਸ਼ਤਾ ਤਿੰਨ ਸ਼ਬਦਾਂ ਵਿੱਚ ਕਾਨੀਬੰਦ ਕਰਦਾ ਹੈ। ‘ਹਮਸਾਇਆ’ ਭਾਵ ਗੁਆਂਢੀ ‘ਮਾਂ-ਪਿਉ ਜਾਇਆ’ ਭਾਵ ਸਕੇ ਭੈਣ-ਭਰਾ ਵਾਂਗ ਹੁੰਦਾ ਹੈ। ਦੁੱਖ-ਸੁੱਖ ਵੇਲੇ ਉਹ ਮੋਢੇ ਨਾਲ ਮੋਢਾ ਮੇਲ ਕੇ ਖੜ੍ਹਾ ਹੁੰਦਾ ਹੈ। ਸਕੇ (ਭੈਣ-ਭਰਾ) ਤਾਂ ਖ਼ਬਰ ਮਿਲਣ ‘ਤੇ ਪੁੱਜਦੇ ਹਨ, ਉਹ ਵੀ ਜੇ ਪੁੱਜਣ-ਯੋਗ ਥਾਂ ’ਤੇ ਰਹਿ ਰਹੇ ਹੋਣ, ਜੇ ਦੂਰ-ਦੁਰਾਡੇ ਜਾਂ ਪਰਦੇਸ਼ ਵਿੱਚ ਹੋਣ ਤਾਂ ਚਿੱਠੀ, ਤਾਰ ਜਾਂ ਟੈਲੀਫੋਨ ਨਾਲ ਹੀ ਹਾਜ਼ਰੀ ਲੁਆਈ ਜਾਂਦੀ ਹੈ। ਭਾਗਾਂ ਨਾਲ ਹੀ ਚੰਗਾ ਗੁਆਂਢੀ ਨਸੀਬ ਹੁੰਦਾ ਹੈ, ਨਹੀਂ ਤਾਂ ਨਿਗੂਣੀ ਗੱਲ ‘ਤੇ ਆਏ ਦਿਨ ਕਲੇਸ਼ ਪਿਆ ਰਹਿੰਦਾ ਹੈ, ਮਹਾਭਾਰਤ ਭਖਿਆ ਰਹਿੰਦਾ ਹੈ ਤੇ ਜਿਊਣਾ ਨਰਕ ਬਣ ਕੇ ਰਹਿ ਜਾਂਦਾ ਹੈ। ਸਾਡੇ ਚੰਗੇ ਭਾਗਾਂ ਨੂੰ ਮਾਸਟਰ ਜਗੀਰ ਸਿੰਘ ਭੁੱਲਰ ਸਾਡਾ ਗੁਆਂਢੀ ਹੈ। ਸਾਡੀ ਇੱਕ ਕੰਧ ਸਾਂਝੀ ਹੈ ਤੇ ਅਸੀਂ ਘਰੋਂ ਇੱਕ-ਦੂਜੇ ਨੂੰ ਫ਼ਤਿਹ ਬੁਲਾ ਕੇ ਗੱਲ-ਬਾਤ ਕਰ ਲੈਂਦੇ ਹਾਂ। ਉਹ ਆਪ ਇੱਕ ਸਰਕਾਰੀ ਸਕੂਲ ਦੇ ਮੁੱਖ-ਅਧਿਆਪਕ ਹਨ ਤੇ ਸ੍ਰੀਮਤੀ ਅਧਿਆਪਕਾ ਹੈ। ਦੋਵੇਂ ਜੀਅ ਪੜ੍ਹੇ-ਲਿਖੇ, ਅੰਮ੍ਰਿਤ ਵੇਲਾ ਸੰਭਾਲਣ ਵਾਲੇ ਤੇ ਨਾਮ-ਰਸੀਏ ਰਾਧਾ ਸਵਾਮੀ ਹਨ। ਸਾਨੂੰ ਇੱਕ-ਦੂਜੇ ਦੇ ਗੁਆਂਢ ਵਿੱਚ ਰਹਿੰਦਿਆਂ ਲਗਪਗ ਸੱਤ ਸਾਲ ਹੋ ਗਏ ਹਨ। ਕਿਸੇ ਨੇ ਕਦੀ ਗਾਲੀ-ਗਲੋਚ ਤਾਂ ਕੀ, ਉੱਚਾ ਬੋਲ-ਬੁਲਾਰਾ ਵੀ ਨਹੀਂ ਸੁਣਿਆ। ਕਈ ਤਾਂ ਸੋਚਦੇ ਹਨ ਕਿ ਇਹ ਦੋ ਸਕੇ ਭਰਾ ਪਰਿਵਾਰਾਂ ਸਮੇਤ ਰਹਿ ਰਹੇ ਹਨ। ਸਾਡੇ ਦੋਵਾਂ ਪਰਿਵਾਰਾਂ ਦੇ ਤਿੰਨ-ਤਿੰਨ ਬੱਚੇ ਹਨ। ਉਹ ਵੀ ਰਲ-ਮਿਲ ਕੇ ਖੇਡਣ ਵੇਲੇ ਖੇਡਦੇ ਤੇ ਪੜ੍ਹਨ ਵੇਲੇ ਇੱਕ-ਦੂਜੇ ਦੀ ਸਹਾਇਤਾ ਨਾਲ ਪੜ੍ਹਦੇ ਹਨ। ਜਿੱਥੇ ਬੱਚੇ ਇੱਕ-ਦਿਲ, ਇੱਕ ਜਾਨ ਹੋ ਕੇ ਖ਼ੁਸ਼ੀ-ਖ਼ੁਸ਼ੀ ਰਹਿੰਦੇ ਹਨ, ਉੱਥੇ ਜ਼ਨਾਨੀਆਂ ਕਿਸੇ ਦੀ ਨਿੰਦਾ-ਚੁਗਲੀ ਕਰਨ ਦੀ ਥਾਂ ਕੋਈ ਧਾਰਮਕ ਪੋਥੀ ਸੁਣ-ਸੁਣਾ ਕੇ ਸਤਿਸੰਗ ਕਰਦੀਆਂ ਹਨ। ਦੋਵੇਂ ਪਰਿਵਾਰ ਇੱਕ-ਦੂਜੇ ਨੂੰ ਆਪਣੀ ਸਮੱਸਿਆ ਦੱਸ ਕੇ ਸਲਾਹ-ਮਸ਼ਵਰਾ ਕਰ ਲੈਂਦੇ ਹਨ। ਅਸੀਂ ਰਾਤੀਂ-ਪ੍ਰਭਾਤੀਂ ਕਿਸੇ ਸੰਕਟ ਸਮੇਂ ਪਰਵਾਰ ਇਕ ਦੂਜੇ ਨੂੰ ਆਪਣੀ ਸਮੱਸਿਆ ਦੱਸ ਕੇ ਸਲਾਹ-ਮਸ਼ਵਰਾ ਕਰ ਲੈਂਦੇ ਹਨ। ਅਸੀਂ ਰਾਤੀਂ-ਪ੍ਰਭਾਤੀਂ ਕਿਸੇ ਸੰਕਟ ਸਮੇਂ ਇੱਕ-ਦੂਜੇ ਨੂੰ ਬੁਲਾਉਣ ਲਈ ਟੈਲੀਫ਼ੋਨ ਦੀ ਵਰਤੋਂ ਵੀ ਕਰ ਲੈਂਦੇ ਹਾਂ। ਦੋਵੇਂ ਪਰਿਵਾਰ ਸ਼ਾਕਾਹਾਰੀ ਹਨ, ਸ਼ਰਾਬ ਤੇ ਹੋਰ ਕਿਸੇ ਵੀ ਕਿਸਮ ਦੇ ਨਸ਼ੇ ਤੋਂ ਦੂਰ ਰਹਿੰਦੇ ਹਨ। ਅਸੀਂ ਵੇਲੇ-ਕੁਵੇਲੇ ਇੱਕ-ਦੂਜੇ ਦੀ ਮਾਇਕ ਸਹਾਇਤਾ ਵੀ ਕਰ ਦਿੰਦੇ ਹਾਂ। ਜਦ ਕਦੇ ਵੀ ਸਾਡੇ ਵਿੱਚੋਂ ਕਿਸੇ ਨੂੰ ਪੈਸੇ-ਧੇਲੇ ਦੀ ਲੋੜ ਪਈ, ਅਸੀਂ ਇੱਕ-ਦੂਜੇ ਦੀ ਆਰਥਕ ਤੰਗੀ ਮਹਿਸੂਸ ਕਰ ਕੇ ਬਿਨਾਂ ਮੰਗੇ ਲੋੜ ਪੂਰੀ ਕਰ ਦਿੱਤੀ। ਇਸ ਤਰ੍ਹਾਂ ਸਾਡਾ ਵੇਲ਼ਾ ਆਦਰ-ਸਤਿਕਾਰ ਨਾਲ ਟੱਪ ਜਾਂਦਾ ਹੈ ਤੇ ਪਰਦਾ ਬਣਿਆ ਰਹਿੰਦਾ ਹੈ। ਅਸੀਂ ਹਰ ਐਤਵਾਰ ਇਕੱਠੇ ਬੈਠ ਕੇ ਘਰੋਗੀ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕਰਦੇ ਹਾਂ ਅਤੇ ਕਈ ਵਾਰੀ ਤਾਂ ਆਪੋ-ਆਪਣੇ ਪੱਕੇ ਭੋਜਨ ਲਿਆ ਕੇ ਇਕੱਠਿਆਂ ਹੀ ਇੱਕੋ ਥਾਂ ਖਾ ਲੈਂਦੇ ਹਾਂ। ਅਸੀਂ ਦੁੱਖ-ਸੁੱਖ ਵਿੱਚ ਇੱਕ-ਦੂਜੇ ਨਾਲ ਮਿਲ ਕੇ ਵੇਲ਼ਾ ਭੁਗਤਾ ਲੈਂਦੇ ਹਾਂ, ਕਿਸੇ ਨੂੰ ਉਚੇਚਾ ਸੱਦਣ ਦੀ ਲੋੜ ਹੀ ਨਹੀਂ ਪੈਂਦੀ। ਮੈਂ ਤਾਂ ਸੋਚਦਾ ਹਾਂ ਕਿ ਅਸੀਂ ਸਕੇ ਭਰਾਵਾਂ ਤੋਂ ਵੀ ਵੱਧ ਹਾਂ। ਸਾਡੀ ਏਕਤਾ ਸਭ ਗੁਆਂਢੀਆਂ ਲਈ ਚਾਨਣ-ਮੁਨਾਰਾ ਸਿੱਧ ਹੋ ਸਕਦੀ ਹੈ।