ਪੈਰਾ ਰਚਨਾ : ਘਰੇਲੂ ਬਗੀਚਾ


ਅੱਜ ਦੇ ਯੁੱਗ ਵਿੱਚ ਘਰੇਲੂ ਬਗ਼ੀਚਾ ਲਾਉਣਾ ਵੀ ਇੱਕ ਉੱਘਾ ਸ਼ੌਕ ਬਣ ਕੇ ਉੱਭਰ ਰਿਹਾ ਹੈ। ਪਿੰਡਾਂ ਵਿੱਚ ਲੋਕਾਂ ਕੋਲ ਕਾਫੀ ਥਾਂ ਹੁੰਦੀ ਹੈ ਪਰ ਉਹਨਾਂ ਦਾ ਧਿਆਨ ਖੇਤੀਬਾੜੀ ਵੱਲ ਹੀ ਜ਼ਿਆਦਾ ਰਹਿੰਦਾ ਹੈ। ਸ਼ਹਿਰਾਂ ਵਿੱਚ ਮਨੁੱਖ ਭੀੜ ਭਰੇ ਮਾਹੌਲ ਵਿੱਚ ਹਰਿਆਲੀ ਦੀ ਭਾਲ ਕਰਦਾ ਹੈ ਪਰ ਵਧ ਰਹੇ ਮਸ਼ੀਨੀਕਰਨ ਦੇ ਇਸ ਦੌਰ ਵਿੱਚ ਉਸ ਨੂੰ ਦੂਰ-ਦੂਰ ਤੱਕ ਹਰਿਆਲੀ ਪ੍ਰਾਪਤ ਨਹੀਂ ਹੁੰਦੀ। ਉਹ ‘ਕੰਕਰੀਟ ਦੇ ਜੰਗਲ’ ਵਿੱਚੋਂ ਪ੍ਰਕਿਰਤੀ ਦਾ ਅਨੰਦ ਕਿੱਥੋਂ ਮਾਣੇ! ਇਸ ਦਾ ਹੱਲ ਹੈ ਘਰੇਲੂ ਬਗ਼ੀਚਾ। ਬਗ਼ੀਚੇ ਦੇ ਬਿਨਾਂ ਘਰ ਨੂੰ ਅਧੂਰਾ ਮੰਨਿਆ ਜਾਂਦਾ ਹੈ।  ਬਗ਼ੀਚੇ ਵਿੱਚ ਲੋਕ ਜਿੱਥੇ ਛਾਂ ਵਾਲ਼ੇ, ਫਲਦਾਰ ਅਤੇ ਫੁੱਲਾਂ ਵਾਲ਼ੇ ਬੂਟੇ ਲਗਾਉਂਦੇ ਹਨ ਉੱਥੇ ਨਾਲ-ਨਾਲ ਸਬਜ਼ੀਆਂ ਵੀ ਉਗਾਉਂਦੇ ਹਨ। ਘਰ ਦੀਆਂ ਸਬਜ਼ੀਆਂ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਸਾਰੇ ਦਿਨ ਦਾ ਥਕੇਵਾਂ ਰੁੱਖਾਂ ਦੀ ਛਾਂ ਵਿੱਚ ਬੈਠ ਕੇ ਅਤੇ ਰੰਗ-ਬਰੰਗੇ ਫੁੱਲਾਂ ਨੂੰ ਦੇਖ ਕੇ ਦੂਰ ਹੋ ਜਾਂਦਾ ਹੈ। ਫਲਦਾਰ ਬੂਟੇ ਉਗਾ ਕੇ ਅਸੀਂ ਮੌਸਮੀ ਫਲਾਂ ਦਾ ਵੀ ਅਨੰਦ ਪ੍ਰਾਪਤ ਕਰ ਸਕਦੇ ਹਾਂ। ਘਰੇਲੂ ਬਗ਼ੀਚੇ ਦੀ ਸਾਂਭ-ਸੰਭਾਲ ਜੇ ਆਪ ਕੀਤੀ ਜਾਵੇ ਅਥਵਾ ਜੇਕਰ ਬੂਟਿਆਂ ਨੂੰ ਆਪ ਪਿਆਰ ਨਾਲ ਪਾਲਿਆ ਜਾਵੇ ਤਾਂ ਬਗ਼ੀਚੇ ਨਾਲ ਸਾਡੀ ਸਾਂਝ ਬਹੁਤ ਡੂੰਘੀ ਹੋ ਜਾਂਦੀ ਹੈ। ਬਗ਼ੀਚੇ ਵਿੱਚ ਆਪ ਕੰਮ ਕਰਨ ਨਾਲ ਤਾਜ਼ੀ ਹਵਾ ਅਤੇ ਸੁੰਦਰ ਵਾਤਾਵਰਨ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ। ਸਾਡਾ ਜੀਵਨ ਪ੍ਰਸੰਨਤਾ ਨਾਲ ਗੁਜ਼ਰਦਾ ਹੈ, ਅੱਖਾਂ ਨੂੰ ਤਰਾਵਟ ਮਿਲਦੀ ਹੈ ਅਤੇ ਸਰੀਰ ਚੁਸਤ ਰਹਿੰਦਾ ਹੈ। ਜਿਨ੍ਹਾਂ ਘਰਾਂ ਵਿੱਚ ਬਗ਼ੀਚੇ ਲਈ ਲੋੜੀਂਦੀ ਥਾਂ ਨਹੀਂ ਹੁੰਦੀ ਉੱਥੇ ਲੋਕ ਗਮਲਿਆਂ ਵਿੱਚ ਬੂਟੇ ਲਗਾਉਂਦੇ ਹਨ। ਜੋ ਲੋਕ ਘਰਾਂ ਵਿੱਚ ਉੱਪਰਲੀਆਂ ਮੰਜ਼ਲਾਂ ‘ਤੇ ਰਹਿੰਦੇ ਹਨ ਉਹ ਵੀ ਗਮਲਿਆਂ ਵਿੱਚ ਬੂਟੇ ਆਦਿ ਉਗਾ ਸਕਦੇ ਹਨ। ਲੋਕ ਘਰਾਂ ਦੇ ਅੰਦਰ ਵੀ ਕਈ ਵੇਲਾਂ ਲਗਾਉਂਦੇ ਹਨ ਅਤੇ ਆਪਣੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣ ਦੀ ਕੋਸ਼ਸ਼ ਕਰਦੇ ਹਨ। ਜਿੱਥੇ ਘਰੇਲ਼ੂ ਬਗੀਚਾ ਇੱਕ ਛੋਟੀ ਜਿਹੀ ਹਰੀ-ਭਰੀ ਖੇੜੇ ਵੰਡਦੀ ਥਾਂ ਹੈ ਉੱਥੇ ਇਹ ਧਰਤੀ ਦੇ ਵਾਤਾਵਰਨ ਦੇ ਸੰਤੁਲਨ ਨੂੰ ਬਣਾਉਣ ਵਿੱਚ ਵੀ ਮਦਦ ਕਰਦਾ ਹੈ।