ਪੈਰਾ ਰਚਨਾ : ਗਿਆਨ ਕਾ ਬਧਾ ਮਨੁ ਰਹੈ
ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ‘ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ’ ਭਾਵ ਮਨ ਨੂੰ ਗਿਆਨ ਰਾਹੀਂ ਹੀ ਬੰਨ੍ਹਿਆ ਜਾ ਸਕਦਾ ਹੈ ਅਤੇ ਇਹ ਗਿਆਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਦੂਸਰੇ ਸ਼ਬਦਾਂ ਵਿੱਚ ਗੁਰੂ ਦੇ ਗਿਆਨ-ਉਪਦੇਸ਼ ਵਿੱਚ ਬੱਝਿਆ ਮਨ ਹੀ ਬੱਧਾ ਅਥਵਾ ਟਿਕਿਆ ਰਹਿ ਸਕਦਾ ਹੈ ਅਤੇ ਵਿਸ਼ੇ-ਵਿਕਾਰਾਂ ਵੱਲ ਨਹੀਂ ਭੱਜਦਾ। ਗੁਰੂ ਦਾ ਗਿਆਨ ਹੀ ਮਨੁੱਖ ਨੂੰ ਵਿਸ਼ੇ-ਵਿਕਾਰਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਪ੍ਰਭੂ-ਸਿਮਰਨ ਨਾਲ ਜੋੜਦਾ ਹੈ। ਇਸ ਸਿਮਰਨ ਰਾਹੀਂ ਹੀ ਅਸੀਂ ਆਤਮਿਕ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ। ਜਿਨ੍ਹਾਂ ਲੋਕਾਂ ਨੂੰ ਸਿਮਰਨ ਦੇ ਮਾਧਿਅਮ ਰਾਹੀਂ ਇਹ ਆਤਮਿਕ ਖ਼ੁਸ਼ੀ ਪ੍ਰਾਪਤ ਨਹੀਂ ਹੁੰਦੀ ਉਹ ਲੋਕ ਦੁਨਿਆਵੀ ਭਟਕਣ ਦਾ ਸ਼ਿਕਾਰ ਹੋਏ ਚੁਰਾਸੀ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ। ਦੁਨਿਆਵੀ ਭਟਕਣ ਤੋਂ ਸਾਨੂੰ ਸਿਵਾਏ ਪ੍ਰੇਸ਼ਾਨੀ ਦੇ ਹੋਰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਦੂਸਰੇ ਪਾਸੇ ਮਨ ਦੀ ਇਕਾਗਰਤਾ ਲਈ ਗੁਰੂ ਦੇ ਗਿਆਨ-ਉਪਦੇਸ਼ ਦੀ ਬਹੁਤ ਲੋੜ ਹੈ। ਨਹੀਂ ਤਾਂ ਮਨ ਦੁਨਿਆਵੀ ਮੋਹ-ਮਾਇਆ ਵਿੱਚ ਫਸਿਆ ਰਹਿੰਦਾ ਹੈ ਅਤੇ ਪ੍ਰਭੂ ਤੋਂ ਦੂਰ ਹੋ ਜਾਂਦਾ ਹੈ। ਪ੍ਰਭੂ ਨਾਲ ਜੁੜਨ ਲਈ ਗੁਰੂ ਦਾ ਗਿਆਨ ਬਹੁਤ ਜ਼ਰੂਰੀ ਹੈ। ਗੁਰੂ ਹੀ ਸਾਨੂੰ ਪ੍ਰਭੂ-ਸਿਮਰਨ ਅਥਵਾ ਪ੍ਰਭੂ-ਪ੍ਰਾਪਤੀ ਦੇ ਰਸਤੇ ‘ਤੇ ਚੱਲਣ ਦੀ ਜਾਚ ਸਿਖਾਉਂਦਾ ਹੈ। ਜੇਕਰ ਅਸੀਂ ਦੁਨਿਆਵੀ ਭਟਕਣ ਤੋਂ ਮੁਕਤੀ ਪ੍ਰਾਪਤ ਕਰ ਕੇ ਪ੍ਰਭੂ-ਚਰਨਾਂ ਵਿੱਚ ਜੁੜਨਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਮਨੁੱਖੀ ਮਨ ਗੁਰੂ ਦਾ ਗਿਆਨ ਪ੍ਰਾਪਤ ਕਰੇ। ਇਹ ਗਿਆਨ ਹੀ ਮਨ ਨੂੰ ਬੰਨ੍ਹ ਸਕਦਾ ਹੈ। ਜੇਕਰ ਸਾਨੂੰ ਪਤਾ ਹੋਵੇਗਾ ਕਿ ਚੋਰੀ ਕਰਨ ਅਥਵਾ ਝੂਠ ਬੋਲਣ ਦੀ ਸਜ਼ਾ ਮਿਲਨੀ ਹੈ ਤਾਂ ਅਸੀਂ ਆਪਣੇ ਮਨ ਨੂੰ ਚੋਰੀ ਕਰਨ ਤੇ ਝੂਠ ਬੋਲਣ ਤੋਂ ਰੋਕਾਂਗੇ। ਇਸੇ ਤਰ੍ਹਾਂ ਜੇਕਰ ਅਸੀਂ ਇਹ ਜਾਣ ਜਾਵਾਂਗੇ ਕਿ ਮਿਹਨਤ ਤੋਂ ਬਿਨਾਂ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ ਤਾਂ ਸਾਡਾ ਮਨ ਸਾਨੂੰ ਮਿਹਨਤ ਕਰਨ ਲਈ ਪ੍ਰੇਰੇਗਾ। ਨਿਰਸੰਦੇਹ ਗੁਰੂ-ਗਿਆਨ ਦੀ ਪ੍ਰਾਪਤੀ ਹੀ ਆਤਮਿਕ ਖ਼ੁਸ਼ੀ ਅਤੇ ਮਨ ਦੀ ਇਕਾਗਰਤਾ ਦਾ ਸਹੀ ਢੰਗ ਹੈ।