ਪੈਰਾ ਰਚਨਾ : ਖੇਡਾਂ ਦੀ ਮਹਾਨਤਾ


ਖੇਡਾਂ ਦੇ ਲਾਭ : ਪੈਰਾ ਰਚਨਾ


ਖੇਡਾਂ ਦੀ ਮਨੁੱਖੀ ਜੀਵਨ ਵਿਚ ਬਹੁਤ ਮਹਾਨਤਾ ਹੈ। ਖੇਡਾਂ ਤੋਂ ਬਿਨਾਂ ਵਿੱਦਿਆ ਅਧੂਰੀ ਰਹਿੰਦੀ ਹੈ। ਖੇਡਾਂ ਕੇਵਲ ਸਾਡਾ ਦਿਲ-ਪਰਚਾਵਾ ਕਰ ਕੇ ਸਾਡੇ ਸਰੀਰ ਅਤੇ ਦਿਮਾਗ਼ ਦੋਹਾਂ ਨੂੰ ਅਰੋਗ ਨਹੀਂ ਰੱਖਦੀਆਂ, ਸਗੋਂ ਇਨ੍ਹਾਂ ਦੀ ਭਾਰੀ ਵਿੱਦਿਅਕ ਮਹਾਨਤਾ ਵੀ ਹੈ। ਇਕ ਵਿਦਿਆਰਥੀ ਦੇ ਸਰੀਰਕ ਵਿਅਕਤਿੱਤਵ ਦੇ ਵਿਕਾਸ ਲਈ ਇਨ੍ਹਾਂ ਦੀ ਅਤਿਅੰਤ ਲੋੜ ਰਹਿੰਦੀ ਹੈ। ਜਿੱਥੇ ਸਰੀਰ ਨੂੰ ਤਕੜਾ ਤੇ ਤੰਦਰੁਸਤ ਰੱਖਣ ਲਈ ਖ਼ੁਰਾਕ ਆਪਣਾ ਹਿੱਸਾ ਪਾਉਂਦੀ ਹੈ, ਉੱਥੇ ਖੇਡਾਂ ਸਰੀਰ ਨੂੰ ਖ਼ੁਰਾਕ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੇ ਯੋਗ ਬਣਾਉਂਦੀਆਂ ਹਨ। ਇਹ ਸਾਡੇ ਦਿਨ ਭਰ ਦੇ ਸਰੀਰਕ ਤੇ ਦਿਮਾਗੀ ਥਕੇਵੇਂ ਨੂੰ ਦੂਰ ਕਰ ਦਿੰਦੀਆਂ ਹਨ ਤੇ ਸਾਨੂੰ ਤਾਜ਼ਗੀ ਤੇ ਫੁਰਤੀ ਬਖ਼ਸ਼ਦੀਆਂ ਹਨ। ਹਰ ਰੋਜ਼ ਖੇਡਾਂ ਵਿਚ ਭਾਗ ਲੈਣ ਵਾਲੇ ਮਨੁੱਖਾਂ ਦਾ ਸਰੀਰ ਅਰੋਗ ਰਹਿੰਦਾ ਹੈ ਤੇ ਉਨ੍ਹਾਂ ਦੇ ਅੰਦਰ ਬਿਮਾਰੀਆਂ ਦਾ ਟਾਕਰਾ ਕਰਨ ਲਈ ਅਥਾਹ ਸ਼ਕਤੀ ਪੈਦਾ ਹੋ ਜਾਂਦੀ ਹੈ। ਖੇਡਾਂ ਵਿਚ ਭਾਗ ਲੈ ਕੇ ਸਰੀਰ ਨੂੰ ਅਰੋਗ ਰੱਖਣ ਵਾਲਾ ਮਨੁੱਖ ਨਾ ਕੇਵਲ ਚੁਸਤੀ, ਫੁਰਤੀ ਤੇ ਖਿੜਾਓ ਦਾ ਆਨੰਦ ਹੀ ਮਾਣਦਾ ਹੈ, ਸਗੋਂ ਉਹ ਆਪਦੇ ਦਿਮਾਗ਼ ਨੂੰ ਵੱਧ ਤੋਂ ਵੱਧ ਕੰਮ ਲੈਣ ਦੇ ਯੋਗ ਵੀ ਬਣਾ ਲੈਂਦਾ ਹੈ। ਉਸ ਦਾ ਦਿਮਾਗ਼ ਤਾਜ਼ਾ ਤੇ ਚੁਸਤ ਰਹਿੰਦਾ ਹੈ। ਉਸ ਦੀ ਯਾਦ-ਸ਼ਕਤੀ ਅਤੇ ਸੋਚ-ਸ਼ਕਤੀ ਵਧਦੀ ਹੈ। ਕੇਵਲ ਇਹ ਹੀ ਨਹੀਂ ਖੇਡਾਂ ਸਾਡੇ ਆਚਰਨ ਦੀ ਉਸਾਰੀ ਵਿਚ ਵੀ ਭਾਰੀ ਹਿੱਸਾ ਪਾਉਂਦੀਆਂ ਹਨ। ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਅਨੁਸ਼ਾਸਨ ਵਿਚ ਰਹਿਣਾ ਸਿੱਖਦੇ ਹਾਂ। ਸਾਡੇ ਵਿਚ ਮਿਲਵਰਤਨ, ਇਕ-ਦੂਜੇ ਦੀ ਸਹਾਇਤਾ ਕਰਨ, ਇਕ-ਦੂਜੇ ਨਾਲ ਚੰਗਾ ਵਰਤਾਓ ਕਰਨਾ, ਕਿਸੇ ਨਾਲ ਵਧੀਕੀ ਨਾ ਕਰਨ, ਆਪਣੀ ਗ਼ਲਤੀ ਨੂੰ ਮੰਨ ਲੈਣ, ਧੋਖਾ ਨਾ ਕਰਨ, ਕਪਤਾਨ ਦਾ ਹੁਕਮ ਮੰਨਣ, ਆਪਣੀ ਜਿੱਤ ਲਈ ਜ਼ੋਰ ਲਾਉਣ, ਨਿਰਾਸ਼ ਨਾ ਹੋਣ ਤੇ ਆਸ਼ਾਵਾਦੀ ਰਹਿਣ ਦੇ ਗੁਣ ਪੈਦਾ ਹੁੰਦੇ ਹਨ। ਨਾਲ ਹੀ ਜਿੱਥੇ ਇਹ ਸਾਡੇ ਦਿਲ-ਪਰਚਾਵੇ ਦਾ ਵਧੀਆ ਸਾਧਨ ਹਨ, ਉੱਥੇ ਇਹ ਸਾਡੇ ਮਨ ਵਿਚ ਟਿਕਾਓ ਤੇ ਇਕਾਗਰਤਾ ਵੀ ਪੈਦਾ ਕਰਦੀਆਂ ਹਨ। ਮੁਕਾਬਲੇ ਦੀਆਂ ਖੇਡਾਂ ਸਾਡੀਆਂ ਆਤਮ-ਗੌਰਵ ਤੇ ਦੂਸਰਿਆਂ ਤੋਂ ਅੱਗੇ ਨਿਕਲਣ ਦੀਆਂ ਰੁਚੀਆਂ ਨੂੰ ਸੰਤੁਸ਼ਟ ਕਰ ਕੇ ਮਨ ਵਿਚ ਸੰਤੁਸ਼ਟਤਾ ਤੇ ਟਿਕਾਓ ਪੈਦਾ ਕਰਦੀਆਂ ਹਨ। ਇਸ ਪ੍ਰਕਾਰ ਖੇਡਾਂ ਦੇ ਬਹੁਤ ਸਾਰੇ ਸਰੀਰਕ ਤੇ ਮਾਨਸਿਕ ਲਾਭ ਹੋਣ ਕਰਕੇ ਇਨ੍ਹਾਂ ਦੀ ਸਾਡੇ ਜੀਵਨ ਵਿਚ ਬਹੁਤ ਮਹਾਨਤਾ ਹੈ, ਪਰ ਸਾਨੂੰ ਇਨ੍ਹਾਂ ਵਿਚ ਲੋੜ ਤੋਂ ਵੱਧ ਖ਼ਚਤ ਹੋ ਕੇ ਆਪਣਾ ਬਹੁਤ ਸਮਾਂ ਨਹੀਂ ਨਸ਼ਟ ਕਰਨਾ ਚਾਹੀਦਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਖੇਡਾਂ ਜੀਵਨ ਲਈ ਹਨ ਨਾ ਕਿ ਜੀਵਨ ਖੇਡਾਂ ਲਈ।’


ਲੇਖ ਰਚਨਾ : ਪੜ੍ਹਾਈ ਵਿੱਚ ਖੇਡਾਂ ਦਾ ਸਥਾਨ