ਪੈਰਾ ਰਚਨਾ : ਖ਼ੂਨ-ਦਾਨ


ਖ਼ੂਨ-ਦਾਨ ਬਹੁਤ ਵੱਡਾ ਦਾਨ ਹੈ। ਖੂਨ ਦਾਨ ਕਰਨ ਨਾਲ ਕਿਉਂਕਿ ਰੋਗੀ ਨੂੰ ਨਵਾਂ ਜੀਵਨ ਮਿਲ ਸਕਦਾ ਹੈ ਇਸ ਲਈ ਇਸ ਨੂੰ ਜੀਵਨ-ਦਾਨ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਖੂਨ-ਦਾਨੀ ਜੀਵਨ-ਦਾਨੀ ਹੁੰਦਾ ਹੈ। ਉਸ ਦੇ ਦਿੱਤੇ ਖੂਨ ਦਾ ਇੱਕ-ਇੱਕ ਕਤਰਾ ਕਿਸੇ ਦੀ ਬੁਝ ਰਹੀ ਜੀਵਨ-ਜੋਤ ਨੂੰ ਜਗਦੀ ਰੱਖਣ ਵਿੱਚ ਸਹਾਈ ਹੋ ਸਕਦਾ ਹੈ। ਇਸ ਤਰ੍ਹਾਂ ਖੂਨ-ਦਾਨੀ ਕਿਸੇ ਵਿਅਕਤੀ ਦੀ ਜਾਨ ਬਚਾਉਣ ਵਿੱਚ ਬੜੀ ਮਹੱਤਵਪੂਰਨ ਤੇ ਉਪਕਾਰੀ ਭੂਮਿਕਾ ਨਿਭਾਉਂਦਾ ਹੈ। ਉਸ ਦੁਆਰਾ ਦਿੱਤੇ ਗਏ ਖੂਨ ਨਾਲ ਕਿਸੇ ਘਰ ਵਿੱਚ ਮੁੜ ਖ਼ੁਸ਼ੀ ਅਤੇ ਬਹਾਰ ਆ ਸਕਦੀ ਹੈ। ਕਿਸੇ ਦੇ ਪੁੱਤਰ, ਭਰਾ ਜਾਂ ਪਤੀ ਨੂੰ ਮੁੜ ਜੀਵਨ ਮਿਲ ਸਕਦਾ ਹੈ। ਕਈ ਪਰਿਵਾਰਾਂ ਦਾ ਸਮਾਜਿਕ ਜੀਵਨ ਮੁੜ ਆਪਣੀ ਚਾਲੇ ਚੱਲ ਪੈਂਦਾ ਹੈ। ਇਸ ਤਰ੍ਹਾਂ ਖੂਨ-ਦਾਨੀ ਸਾਡੇ ਸਤਿਕਾਰ ਦੇ ਪਾਤਰ ਹਨ। ਖੂਨ-ਦਾਨ ਅਸਲ ਵਿੱਚ ਬਹੁਤ ਵੱਡੀ ਸਮਾਜ-ਸੇਵਾ ਹੈ। ਲੋੜ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਖੂਨ-ਦਾਨ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਇਸ ਲਈ ਖ਼ੂਨ-ਦਾਨ ਕੈਂਪ ਲਾਏ ਜਾਣੇ ਚਾਹੀਦੇ ਹਨ ਅਤੇ ਖੂਨ-ਦਾਨ ਕਰਨ ਵਾਲਿਆਂ ਨੂੰ ਉਤਸ਼ਾਹਿਤ/ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਛੋਟੇ ਹਸਪਤਾਲਾਂ ਵਿੱਚ ਵੀ ਬਲੱਡ ਬੈਂਕ ਖੋਲ੍ਹੇ ਜਾਣ ਦੀ ਲੋੜ ਹੈ ਜਿੱਥੇ ਦਾਨ ਕੀਤਾ ਗਿਆ ਖੂਨ ਸਾਂਭਿਆ ਜਾ ਸਕੇ ਅਤੇ ਲੋੜ ਪੈਣ ‘ਤੇ ਲੋੜੀਂਦਾ ਖੂਨ ਪ੍ਰਾਪਤ ਹੋ ਸਕੇ। ਸਾਨੂੰ ਚਾਹੀਦਾ ਹੈ ਕਿ ਅਸੀਂ ਬੇਦੋਸ਼ਿਆਂ ਦਾ ਖੂਨ ਨਾ ਬਹਾਈਏ ਸਗੋਂ ਖੂਨ ਦੀ ਵਰਤੋਂ ਕਿਸੇ ਦੁਰਘਟਨਾ ਜਾਂ ਬਿਮਾਰੀ ਦੇ ਸ਼ਿਕਾਰ ਵਿਅਕਤੀ ਨੂੰ ਮੁੜ ਜੀਵਨ ਦੇਣ ਲਈ ਕਰੀਏ। ਆਪਣਾ ਖੂਨ ਦੇ ਕੇ ਦੂਸਰਿਆਂ ਨੂੰ ਜੀਵਨ ਦੇਣਾ ਸੱਚ-ਮੁੱਚ ਹੀ ਬਹੁਤ ਵੱਡਾ ਪਰਉਪਕਾਰ ਹੈ।


ਪੈਰਾ ਰਚਨਾ : ਖ਼ੂਨ-ਦਾਨ