ਪੈਰਾ ਰਚਨਾ : ਖ਼ੁਸ਼ਾਮਦ


ਪੰਜਾਬੀ ਦਾ ਇੱਕ ਅਖਾਣ ਹੈ ‘ਰੱਬ ਬਚਾਏ ਖ਼ੁਸ਼ਾਮਦ ਕਰਨ ਵਾਲਿਆਂ ਤੋਂ’। ਭਾਵੇਂ ਮਨੁੱਖ ਆਖਦਾ ਇਵੇਂ ਹੀ ਹੈ, ਪਰ ਅਸਲ ਵਿੱਚ ਹਰ ਕੋਈ ਖ਼ੁਸ਼ਾਮਦ ਚਾਹੁੰਦਾ ਹੈ ਅਤੇ ਅੰਦਰੋ-ਅੰਦਰੀ ਪਸੰਦ ਵੀ ਕਰਦਾ ਹੈ। ਖ਼ੁਸ਼ਾਮਦ ਦਾ ਅਰਥ ਹੈ, ਆਪਣੇ ਕਿਸੇ ਕੰਮ ਲਈ ਜਾਂ ਕਿਸੇ ਟੀਚੇ ਦੀ ਪ੍ਰਾਪਤੀ ਲਈ, ਦੂਜੀ ਧਿਰ ਦੀ ਝੂਠੀ ਪ੍ਰਸੰਸਾ ਕਰਨੀ। ਭਾਵੇਂ ‘ਖ਼ੁਸ਼ਾਮਦ’ ਕਰਨ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਪਰ ਖ਼ੁਸ਼ਾਮਦ ਦਾ ਸ਼ਿਕਾਰ ਹਰ ਕੋਈ ਹੈ। ਕਈ ਲੋਕ ਤਾਂ ਇਹ ਵੀ ਆਖਦੇ ਹਨ ਕਿ ਰੱਬ ਵੀ ਖ਼ੁਸ਼ਾਮਦ ਦਾ ਇੱਛਕ ਹੈ। ਤਦ ਹੀ ਤਾਂ ਉਹ ਉਨ੍ਹਾਂ ਨੂੰ ਖੁਸ਼ਹਾਲ ਬਣਾਉਂਦਾ ਹੈ, ਜਿਹੜੇ ਉਹਨੂੰ ਖ਼ੁਸ਼ ਕਰਨ ਲਈ ਹੀ ਉਸ ਨੂੰ ਚੜ੍ਹਾਵੇ ਚੜ੍ਹਾਉਂਦੇ ਹਨ। ਕੁਝ ਵੀ ਹੋਵੇ, ਖ਼ੁਸ਼ਾਮਦ ਕਰਨੀ ਇੱਕ ਕਲਾ ਹੈ। ਹਰ ਕੋਈ ਇਸ ਵਿੱਚ ਮਾਹਿਰ ਨਹੀਂ ਹੋ ਸਕਦਾ। ਹਰ ਆਦਮੀ ਇੱਕ ਵਧੀਆ ਐਕਟਰ ਵਾਂਗ ਇਸ ਐਕਟਿੰਗ ਨੂੰ ਨਿਭਾ ਨਹੀਂ ਸਕਦਾ। ਜਿਹੜਾ ਵਿਅਕਤੀ ਇਸ ਕਲਾ ਵਿੱਚ ਮਾਹਿਰ ਹੋ ਜਾਂਦਾ ਹੈ, ਉਸ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਕਿਸ ਵਿਅਕਤੀ ਦੀ ਕਦੋਂ ਅਤੇ ਕਿਵੇਂ ਖ਼ੁਸ਼ਾਮਦ ਕਰਨੀ ਹੈ। ਅਧੀਨ ਕੰਮ ਕਰਨ ਵਾਲਿਆਂ ਨੂੰ ਕਈ ਵਾਰ ਨਾ ਚਾਹੁੰਦਿਆਂ ਹੋਇਆਂ ਆਪਣੇ ਅਫ਼ਸਰਾਂ ਦੀ ਖ਼ੁਸ਼ਾਮਦ ਕਰਨੀ ਪੈਂਦੀ ਹੈ। ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਤੋਂ ਇੰਟਰਨਲ ਅਸੈੱਸਮੈਂਟ ਲਗਵਾਉਣ ਲਈ ਇਹ ਰਾਹ ਅਪਣਾਉਣਾ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਘਰ ਵਿੱਚ ਪਤਨੀ ਨੇ ਪਤੀ ਤੋਂ ਕੋਈ ਗੱਲ ਮੰਨਵਾਉਣੀ ਹੋਵੇ ਜਾਂ ਪਤੀ ਨੇ ਪਤਨੀ ਤੋਂ ਕੋਈ ਕੰਮ ਕਰਵਾਉਣਾ ਹੋਵੇ, ਤਦ ਖ਼ੁਸ਼ਾਮਦ ਦਾ ਰਾਹ ਅਪਣਾਉਣਾ ਪੈਂਦਾ ਹੈ। ਜੇ ਤੁਸੀਂ ਕਿਸੇ ਨੂੰ ਆਖੋ ਕਿ ਤੁਸੀਂ ਤਾਂ ਖ਼ੁਸ਼ਾਮਦ ਵਿੱਚ ਨਹੀਂ ਆਉਂਦੇ, ਤਦ ਕਈ ਵਾਰ ਅਜਿਹਾ ਆਖ ਕੇ ਤੁਸੀਂ ਉਸ ਦੀ ਖ਼ੁਸ਼ਾਮਦ ਕਰ ਰਹੇ ਹੁੰਦੇ ਹੋ। ਅਸੀਂ ਆਪਣੇ ਆਲੇ-ਦੁਆਲੇ ਵੇਖਦੇ ਹਾਂ ਕਿ ਖ਼ੁਸ਼ਾਮਦ ਕਰਨ ਵਾਲੇ ਵਿਅਕਤੀ ਕੰਮ ਕੱਢਵਾ ਲੈਂਦੇ ਹਨ ਅਤੇ ਸਿੱਧੇ ਤੇ ਭੋਲੇ ਲੋਕ ਵੇਖਦੇ ਹੀ ਰਹਿ ਜਾਂਦੇ ਹਨ। ਭਾਵੇਂ ‘ਖ਼ੁਸ਼ਾਮਦ’ ਸਖ਼ਤ ਮਿਹਨਤ ਵਰਗੀ ਚੀਜ਼ ਨਹੀਂ, ਪਰ ਫਿਰ ਵੀ ਤੁਸੀ ਸਾਰੀ ਦੁਨੀਆ ਬਦਲ ਨਹੀਂ ਸਕਦੇ। ਪਤਾ ਨਹੀਂ ਤੁਹਾਨੂੰ ਵੀ ਇਸ ਕਲਾ ਦੀ ਕਦੋਂ ਲੋੜ ਪੈ ਜਾਵੇ।