ਪੈਰਾ ਰਚਨਾ – ਕੋਰੋਨਾ ਵਾਇਰਸ ਦਾ ਜੀਵਨ ‘ਤੇ ਪ੍ਰਭਾਵ
ਇਸ ਮਾਰੂ ਵਾਇਰਸ ਨੇ ਸਾਨੂੰ ਸਮਾਜਕ, ਆਰਥਕ, ਮਾਨਸਕ, ਭਾਵ ਹਰ ਪੱਖੋਂ ਹਰ ਤਰ੍ਹਾਂ ਪ੍ਰਭਾਵਤ ਕੀਤਾ ਹੈ। ਇਸ ਨੂੰ ਕੋਵਿਡ-19 ਵਾਇਰਸ ਵੀ ਆਖਿਆ ਜਾਂਦਾ ਹੈ। ਇਹ ਇੱਕ ਛੂਤ ਦੀ ਬਿਮਾਰੀ ਹੈ, ਜੋ ਇਸ ਤੋਂ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਸ ਵਾਇਰਸ ਦੇ ਫੈਲਦਿਆਂ ਹੀ ਲਗਪਗ ਸਾਰੇ ਦੇਸ਼ਾਂ ਵਿੱਚ ਤਾਲਾਬੰਦੀ ਦਾ ਦੌਰ ਸ਼ੁਰੂ ਹੋ ਗਿਆ। ਭਾਰਤ ਵਿੱਚ ਸਭ ਤੋਂ ਪਹਿਲਾਂ 22 ਮਾਰਚ, 2020 ਨੂੰ ਇੱਕ ਦਿਨ ਦੇ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ। ਕੋਰੋਨਾ ਮਰੀਜ਼ਾਂ ਦੀ ਸੰਖਿਆ ਵਧਣ ਨਾਲ ਇਹ ਤਾਲਾਬੰਦੀ ਅੱਗੇ ਵਧਦੀ ਗਈ, ਪਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਸਰਕਾਰ ਨੇ ਬਜ਼ਾਰ, ਵਪਾਰ ਤੇ ਕੁਝ ਕੁ ਅਦਾਰਿਆਂ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ। ਤਾਲਾਬੰਦੀ ਦੌਰਾਨ ਹਰ ਵਰਗ ਦੀ ਆਰਥਿਕ ਹਾਲਤ ਖਸਤਾ ਹੋ ਗਈ, ਪਰ ਸਭ ਤੋਂ ਵੱਧ ਗ਼ਰੀਬ-ਮਾਰ ਮਜ਼ਦੂਰਾਂ ਨਾਲ ਹੋਈ। ਕੁਝ ਸਮਾਜ-ਸੇਵੀ ਜਥੇਬੰਦੀਆਂ ਨੇ ਲੋੜਵੰਦਾਂ ਦੀ ਮਦਦ ਵੀ ਕੀਤੀ। ਕੱਚੀ ਨੌਕਰੀ ਵਾਲਿਆਂ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਤੇ ਪੱਕੀ ਨੌਕਰੀ ਵਾਲਿਆਂ ਦੀ ਤਨਖ਼ਾਹ ‘ਚੋਂ ਕਟੌਤੀ ਕੀਤੀ ਗਈ। ਇਸ ਵਾਇਰਸ ਨੇ ਵਿਸ਼ਵ ਪੱਧਰ ‘ਤੇ ਆਰਥਿਕਤਾ ਨੂੰ ਡੂੰਘੀ ਸੱਟ ਮਾਰੀ। ਆਰਥਿਕ ਮੰਦੀ ਤੇ ਘਰਾਂ ‘ਚ ਕੈਦ ਰਹਿਣ ਕਾਰਨ ਇਸ ਵਾਇਰਸ ਨੇ ਮਾਨਸਕ ਤਣਾਓ ਪੈਦਾ ਕੀਤਾ। ਇਸੇ ਕਰ ਕੇ ਆਨਲਾਈਨ ਪੜ੍ਹਾਈ ਹੋਣ ਲੱਗ ਪਈ ਹੈ। ਕੋਰੋਨਾ ਨੇ ਵਾਤਾਵਰਣ ਦੀ ਸ਼ੁੱਧਤਾ ‘ਤੇ ਬਹੁਤ ਵਧੀਆ ਪ੍ਰਭਾਵ ਪਾਇਆ। ਟੀਕਾਕਰਨ ਸ਼ੁਰੂ ਹੋਣ ਨਾਲ ਇਸ ਤੇ ਕਾਬੂ ਪਾਉਣ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ। ਇਸ ਮਾਰੂ ਵਾਇਰਸ ਤੋਂ ਬਚਣ ਲਈ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਸਿਆਣਿਆਂ ਵੀ ਕਿਹਾ ਹੈ ਕਿ ਇਲਾਜ ਨਾਲੋਂ ਪਰਹੇਜ਼ ਜ਼ਰੂਰੀ ਹੈ, ਤਾਂ ਜੁ ਅਸੀਂ ਇਸ ਜਾਨ ਲੇਵਾ ਬਿਮਾਰੀ ਤੋਂ ਬਚ ਸਕੀਏ।