ਪੈਰਾ ਰਚਨਾ – ਕਰ ਭਲਾ ਹੋ ਭਲਾ
ਕਰ ਭਲਾ ਹੋ ਭਲਾ
‘ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ’ ਇੱਕ ਪੰਜਾਬੀ ਅਖਾਣ ਹੈ ਜਿਸ ਦਾ ਭਾਵ ਹੈ : ‘ਭਲਾ ਕਰਨ ਵਾਲੇ ਦਾ ਭਲਾ (ਲੋਕ-ਪ੍ਰਲੋਕ ਵਿੱਚ) ਹੁੰਦਾ ਹੈ ਅਤੇ ਇਸ ਦਾ ਅੰਤ ਭਲਾ ਅਥਵਾ ਚੰਗਾ ਹੁੰਦਾ ਹੈ।’ ਅਸਲ ਵਿੱਚ ਭਲਾਈ ਹੋਰ ਦੈਵੀ ਗੁਣਾਂ ਵਾਂਗ ਅੰਦਰ ਦਾ ਗੁਣ ਹੈ। ਗੁਰੂ ਸਾਹਿਬ ਦਾ ਫ਼ਰਮਾਨ ਹੈ :
ਜਿਨ੍ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥
ਬਾਹਰ ਇੱਕ ਜੀਵ ਦੀ ਕਰਨੀ ਤੋਂ ਪ੍ਰਗਟ ਹੁੰਦਾ ਹੈ। ਆਪਣੇ-ਆਪ ਨੂੰ ਨਿਰਾ ਭਲਾ ਕਹਿਣ ਵਾਲੇ ਦੇ ਭਲਾਈ ਨੇੜੇ ਨਹੀਂ ਢੁੱਕਦੀ। ਅੰਦਰੋਂ ਭਲਿਆਂ ਦੀ ਦ੍ਰਿਸ਼ਟੀ ਵਿੱਚ ਸਭ ਭਲੇ ਦਿਸਦੇ ਹਨ :
ਭਲੋ ਭਲੋ ਸਭੁ ਕੋ ਕਹੈ ਬੁਰੋ ਨ ਮਾਨੈ ਕੋਇ॥੯॥
ਉਹ ਤਾਂ ਸਦਾ ‘ਸਰਬੱਤ ਦੇ ਭਲੇ’ ਦੀ ਦਿਨੇ-ਰਾਤੀਂ ਅਰਦਾਸ ਵੀ ਕਰਦੇ ਹਨ। ਜਿੱਥੇ ਯੁਧਿਸ਼ਟਰ ਨੂੰ ਸਭ ਭਲੇ ਉੱਥੇ ਦੁਰਯੋਧਨ ਨੂੰ ਸਭ ਬੁਰੇ ਨਜ਼ਰ ਆਉਂਦੇ ਹਨ, ਪਰ ਇਸ ਕਲਜੁਗੀ ਸੰਸਾਰ ਵਿੱਚ ਭਲਾ-ਕਰਤਿਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਕਿਉਂਕਿ ਸੁਆਰਥਪੁਣਾ ਸਾਡੇ ਰੋਮ-ਰੋਮ ਵਿੱਚ ਸਮਾ ਚੁੱਕਿਆ ਹੈ। ਅਸੀਂ ਭਲਾ ਕਰਨ ਵਾਲੇ ਦੇ ਮਨ ਵਿੱਚ ਉਸ ਦੇ ਸੁਆਰਥ ਦਾ ਬੀਜ ਮਹਿਸੂਸ ਕਰਦੇ ਹਾਂ। ਇਸ ਲੋਕ ਵਿੱਚ ਭਾਵੇਂ ਭਲੇ ਨੂੰ ਭਲਾਈ ਦਾ ਇਵਜ਼ਾਨਾ ਨਾ ਹੀ ਮਿਲੇ ਪਰ ਪ੍ਰਲੋਕ ਵਿੱਚ (ਨਿਰੰਕਾਰ ਦੀ ਦਰਗਾਹ ਵਿੱਚ) ਇਹ ਮਿਲ ਕੇ ਰਹਿੰਦਾ ਹੈ। ਏਸੇ ਲਈ ਤਾਂ ਅਧਿਆਤਮਵਾਦ ਵਿੱਚ ‘ਨੇਕੀ ਕਰ ਕੂਏਂ ਮੇਂ ਡਾਲ’ ਜਾਂ ‘ਗੁਪਤ ਦਾਨ’ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਅਧਿਆਤਮਵਾਦੀਆਂ ਦੇ ਕੋਸ਼ ਵਿੱਚ ਵਿਖਾਵੇ ਨੂੰ ਕੋਈ ਥਾਂ ਨਹੀਂ। ਉਂਝ ਭਲਾ ਕਰਨ ਨਾਲ ਨਿਰਸੰਦੇਹ ਮਾਨਸਕ ਸ਼ਾਂਤੀ ਤੇ ਆਤਮਕ ਰਸ ਨਸੀਬ ਹੁੰਦਾ ਹੈ, ਜਿਹੜਾ ਕਿ ਗੂੰਗੇ ਦੀ ਮਠਿਆਈ ਵਾਂਗ ਪ੍ਰਗਟਾਇਆ ਨਹੀਂ ਜਾ ਸਕਦਾ।