ਏਡਜ਼
ਏਡਜ਼ ਇੱਕ ਖ਼ਤਰਨਾਕ ਅਤੇ ਜਾਨ-ਲੇਵਾ ਬਿਮਾਰੀ ਹੈ। ਇਸ ਦਾ ਅੰਗਰੇਜ਼ੀ ਵਿੱਚ ਪੂਰਾ ਨਾਂ ਇਕੁਆਇਰਡ ਇਮਊਨੋ ਡੈਫੀਸੈਂਸੀ ਸਿੰਡਰੋਮ ਹੈ। ਇਸ ਬਿਮਾਰੀ ਨਾਲ ਵਿਅਕਤੀ ਦੀ ਬਿਮਾਰੀ ਨੂੰ ਰੋਕਣ ਅਤੇ ਬਿਮਾਰੀ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ ਮਨੁੱਖੀ ਸਰੀਰ ਨੂੰ ਜਿਹੜੀ ਵੀ ਬਿਮਾਰੀ ਲੱਗਦੀ ਹੈ, ਉਹ ਠੀਕ ਨਹੀਂ ਹੁੰਦੀ, ਬੰਦਾ ਦਿਨੋ-ਦਿਨ ਕਮਜ਼ੋਰ ਹੋਈ ਜਾਂਦਾ ਹੈ। ਏਡਜ਼ ਦਾ ਵਾਇਰਸ ਸੂਈ ਦੀ ਨੋਕ ਤੋਂ ਹਜ਼ਾਰ ਗੁਣਾ ਛੋਟਾ ਹੁੰਦਾ ਹੈ। ਇਹ ਰੋਗ ਵੀਰਜ, ਯੋਨੀ, ਦੂਸ਼ਿਤ ਸਰਿੰਜਾਂ, ਉਸਤਰਿਆਂ, ਸੂਈਆਂ, ਦੂਸ਼ਿਤ ਖੂਨ, ਮਾਂ ਦੇ ਗਰਭ ਤੋਂ ਹੋ ਜਾਂਦਾ ਹੈ। ਜਦੋਂ ਇਹ ਰੋਗ ਫੈਲ ਕੇ ਸਾਡੀ ਬਿਮਾਰੀ-ਵਿਰੋਧੀ ਤਾਕਤ ਨੂੰ ਨਸ਼ਟ ਕਰ ਦਿੰਦਾ ਹੈ, ਤਦ ਵਿਅਕਤੀ ਨੂੰ ਕੋਈ ਦਵਾਈ ਨਹੀਂ ਲੱਗਦੀ। ਸਮੱਸਿਆ ਇਹ ਹੈ ਕਿ ਇਸ ਬਿਮਾਰੀ ਦਾ ਮਨੁੱਖ ਨੂੰ ਕਾਫ਼ੀ ਦੇਰ ਪਤਾ ਵੀ ਨਹੀਂ ਲੱਗਦਾ। ਇਸ ਵਾਇਰਸ ਤੋਂ ਪ੍ਰਭਾਵਿਤ ਰੋਗੀ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ। ਉਹ ਦਿਨੋਂ-ਦਿਨ ਕਮਜ਼ੋਰ ਹੋਣ ਲੱਗਦਾ ਹੈ। ਉਸ ਨੂੰ ਦਸਤ ਲੱਗ ਜਾਂਦੇ ਹਨ। ਇਸ ਤੋਂ ਬਿਨਾਂ ਉਸ ਨੂੰ ਖਾਂਸੀ, ਬੁਖਾਰ ਅਤੇ ਚਮੜੀ ਦੇ ਰੋਗ ਹੋ ਜਾਂਦੇ ਹਨ। ਇਹ ਵਾਇਰਸ ਸਰੀਰ ਵਿੱਚ ਤੇਜ਼ੀ ਨਾਲ ਫੈਲਦਾ ਹੈ ਅਤੇ ਏਡਜ਼ ਵਿੱਚ ਬਦਲ ਜਾਂਦਾ ਹੈ। ਹੁਣ ਤੱਕ ਹੋਈ ਖੋਜ ਅਨੁਸਾਰ ਏਡਜ਼ ਛੂਤ ਦਾ ਰੋਗ ਨਹੀਂ ਹੈ। ਇਹ ਰੋਗੀ ਨਾਲ ਵਿਚਰਨ, ਹੱਥ ਮਿਲਾਉਣ, ਉਸ ਨਾਲ ਬੈਠਣ, ਚੁੰਮਣ, ਖੰਘ, ਬੁੱਕ, ਮੱਖੀ-ਮੱਛਰ ਆਦਿ ਨਾਲ ਨਹੀਂ ਫੈਲਦਾ। ਜਦੋਂ ਵੀ ਕਿਸੇ ਵਿਅਕਤੀ ਨੂੰ ਐਚ.ਆਈ.ਵੀ. ਦੇ ਲੱਛਣਾਂ ਦਾ ਪਤਾ ਲੱਗੇ, ਉਸ ਨੂੰ ਹਸਪਤਾਲ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ, ਪਰ ਆਮ ਕਰ ਕੇ ਲੋਕ ਸ਼ੁਰੂ-ਸ਼ੁਰੂ ਵਿੱਚ ਇਲਾਜ ਕਰਵਾਉਣ ਨਾਲੋਂ ਦੂਜਿਆਂ ਤੋਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਨਤੀਜੇ ਵਜੋਂ ਇਸ ਦਾ ਵਾਇਰਸ ਤੇਜ਼ੀ ਨਾਲ ਸਰੀਰ ਵਿੱਚ ਫੈਲ ਜਾਂਦਾ ਹੈ। ਕਈ ਵਾਰੀ ਤਾਂ ਪਰਿਵਾਰ ਵਾਲੇ ਮਰੀਜ਼ ਦੀ ਦੇਖ-ਭਾਲ ਤੋਂ ਵੀ ਇਨਕਾਰ ਕਰ ਦਿੰਦੇ ਹਨ। ਲਗਪਗ ਸਾਰੇ ਦੇਸ਼ ਇਸ ਖ਼ਤਰਨਾਕ ਬਿਮਾਰੀ ਬਾਰੇ ਜਾਗਰੂਕ ਹੋ ਗਏ ਹਨ। ਹੁਣ ਵਿਸ਼ਵ ਸਿਹਤ ਸੰਸਥਾ ਏਡਜ਼ ਵਿਰੁੱਧ ਮੁਹਿੰਮ ਦੀ ਵੱਡੀ ਇੰਚਾਰਜ ਹੈ। ਇਸ ਸੰਸਥਾ ਦਾ ਨਾਂ ਯੁਨਏਡਜ਼ ਹੈ। ਹੁਣ ਬਹੁਤ ਸਾਰੀਆਂ ਸਵੈ-ਇੱਛਕ ਸਮਾਜਕ ਸੰਸਥਾਵਾਂ ਵੀ ਇਸ ਪਾਸੇ ਯੋਗਦਾਨ ਪਾ ਰਹੀਆਂ ਹਨ। ਇਸ ਰੋਗ ਤੋਂ ਬਚਣ ਲਈ ਬਚਾਅ ਵਾਲੇ ਢੰਗ-ਤਰੀਕੇ ਅਪਣਾਉਣੇ ਚਾਹੀਦੇ ਹਨ, ਕਿਉਂਕਿ ਅਜੇ ਤੱਕ ਇਸ ਬਿਮਾਰੀ ਦੇ ਇਲਾਜ ਲਈ ਕੋਈ ਦਵਾਈ ਈਜਾਦ ਨਹੀਂ ਹੋਈ।