ਪੈਰਾ ਰਚਨਾ : ਇੱਕ ਦੁਰਘਟਨਾ
ਇਹ ਗੱਲ ਪਿਛਲੀਆਂ ਗਰਮੀਆਂ ਦੀ ਹੈ। ਮੈਂ ਸਵੇਰੇ ਸੈਰ ਕਰਨ ਵਾਸਤੇ ਘਰੋਂ ਨਿਕਲਿਆ। ਸਾਡਾ ਪਿੰਡ ਜਰਨੈਲੀ ਸੜਕ ਤੋਂ ਇੱਕ ਕਿਲੋਮੀਟਰ ਹਟਵਾਂ ਹੈ। ਸਮਾਂ ਕੋਈ ਸਾਢੇ ਪੰਜ ਵਜੇ ਦਾ ਸੀ। ਆਪਣੇ ਪਿੰਡ ਦੀ ਲਿੰਕ ਰੋਡ ਤੋਂ ਜਦ ਮੈਂ ਮੁੱਖ ਸੜਕ ‘ਤੇ ਆਇਆ ਹੀ ਸਾਂ ਤਾਂ ਬਹੁਤ ਜ਼ੋਰ ਦਾ ਖੜਾਕਾ ਹੋਇਆ। ਚੀਕਾਂ ਦੀ ਅਵਾਜ਼ ਆਉਣ ਲੱਗੀ। ਮੈਂ ਉਸ ਪਾਸੇ ਦੌੜਿਆ ਅਤੇ ਦੇਖਿਆ ਕਿ ਇੱਕ ਬੱਸ, ਜਿਸ ਦਾ ਅਗਲਾ ਧੁਰਾ ਨਿਕਲ ਗਿਆ ਹੋਇਆ ਸੀ, ਇੱਕ ਰੁੱਖ ਵਿੱਚ ਵੱਜੀ ਹੋਈ ਸੀ। ਬੱਸ ਦੀਆਂ ਸਵਾਰੀਆਂ ਫੱਟੜ ਹੋ ਜਾਣ ਕਰਕੇ ਅਤੇ ਕੁਝ ਡਰ ਨਾਲ ਕੁਰਲਾ ਰਹੀਆਂ ਸਨ। ਬੱਸ ਦੇ ਅਗਲੇ ਹਿੱਸੇ ਵਿੱਚ ਡਰਾਈਵਰ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਉਸ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਜਾਪਦੀਆਂ ਸਨ। ਚੀਕਾਂ ਦੀ ਅਵਾਜ਼ ਸੁਣ ਕੇ ਕੁਝ ਲੋਕ ਉੱਥੇ ਇਕੱਠੇ ਹੋ ਗਏ ਸਨ। ਉਹਨਾਂ ਬੱਸ ਵਿੱਚੋਂ ਫੱਟੜਾਂ ਨੂੰ ਹਿਫ਼ਾਜ਼ਤ ਨਾਲ ਕੱਢਣਾ ਸ਼ੁਰੂ ਕਰ ਦਿੱਤਾ ਸੀ। ਅਸੀਂ ਦੋ ਜਣੇ ਦੌੜ ਕੇ ਹਸਪਤਾਲ ਅਤੇ ਥਾਣੇ ਟੈਲੀਫੂਨ ਕਰਨ ਲਈ ਚਲੇ ਗਏ। ਥੋੜ੍ਹੀ ਦੇਰ ਬਾਅਦ ਐਂਬੂਲੈਂਸ ਅਤੇ ਡਾਕਟਰਾਂ ਦੀ ਇੱਕ ਟੀਮ ਆ ਗਈ। ਉਹਨਾਂ ਡਰਾਈਵਰ ਅਤੇ ਹੋਰ ਗੰਭੀਰ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ। ਪੁਲੀਸ ਵੀ ਆ ਗਈ ਸੀ। ਪਿੰਡ ਦੇ ਲੋਕਾਂ ਨੇ ਫੱਟੜਾਂ ਨੂੰ ਦੁੱਧ ਅਤੇ ਪਾਣੀ ਪਿਆਇਆ। ਡਾਕਟਰਾਂ ਨੇ ਕੁਝ ਲੋਕਾਂ ਨੂੰ, ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ, ਮੁਢਲੀ ਸਹਾਇਤਾ ਦੇ ਲੋਕਾਂ ਨੇ ਦੇ ਦਿੱਤੀ। ਲੋਕਾਂ ਵੱਲੋਂ ਮਦਦ ਦੀ ਫੱਟੜਾਂ ਨੇ ਬੜੀ ਸ਼ਲਾਘਾ ਕੀਤੀ। ਜਿਉਂ-ਜਿਉਂ ਦਿਨ ਚੜ੍ਹਦਾ ਗਿਆ ਉਸ ਥਾਂ ‘ਤੇ ਹੋਰ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਹੁਣ ਜਦੋਂ ਮੈਂ ਉਸ ਥਾਂ ਤੋਂ ਲੰਘਦਾ ਹਾਂ ਤਾਂ ਮੈਨੂੰ ਉਹੀ ਘਟਨਾ ਯਾਦ ਆ ਜਾਂਦੀ ਹੈ ਅਤੇ ਦਿਲ ਦਹਿਲ ਜਾਂਦਾ ਹੈ। ਦੁਰਘਟਨਾ ਕੋਈ ਵੀ ਹੋਵੇ ਦੁੱਖਦਾਈ ਅਤੇ ਅਭੁੱਲ ਹੁੰਦੀ ਹੈ।