ਪੈਰਾ ਰਚਨਾ : ਆਸ
ਮਨੁੱਖ ਆਸ ਦੇ ਸਹਾਰੇ ਹੀ ਜਿਊਂਦਾ ਹੈ। ‘ਜਦ ਤੱਕ ਸਾਸ ਤਦ ਤੱਕ ਆਸ’ ਇਸ ਪ੍ਰਸੰਗ ਵਿੱਚ ਵਰਣਨਯੋਗ ਅਖਾਣ ਹੈ। ਮਨੁੱਖ ਰਾਤ ਨੂੰ ਅਚੇਤ ਰੂਪ ਵਿੱਚ ਹੀ ਇਸ ਆਸ ਨਾਲ ਸੌਂਦਾ ਹੈ ਕਿ ਉਸ ਨੇ ਸਵੇਰੇ ਜਾਗਣਾ ਹੈ ਅਤੇ ਨਵੇਂ ਚਾਅ ਅਤੇ ਉਤਸ਼ਾਹ ਨਾਲ ਮੁੜ ਆਪਣੇ ਕੰਮ ਵਿੱਚ ਲੱਗਣਾ ਹੈ। ਉਂਞ ਵੀ ਮਨੁੱਖ ਨੂੰ ਆਸ਼ਾਵਾਦੀ ਹੋਣਾ ਚਾਹੀਦਾ ਹੈ। ਇਹ ਆਸ ਹੀ ਮਨੁੱਖ ਨੂੰ ਭਵਿਖ ਲਈ ਆਸ਼ਾਵਾਦੀ ਬਣਾਉਂਦੀ ਹੈ। ਜੀਵਨ ਦੇ ਵਿਕਾਸ ਅਤੇ ਤਰੱਕੀ ਲਈ ਆਸ ਦਾ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਮਨੁੱਖ ਨਿਰਾਸ਼ਾਵਾਦ ਦੇ ਖੱਡੇ ਵਿੱਚ ਡਿਗ ਪਏਗਾ ਅਤੇ ਉਸ ਦੇ ਜੀਵਨ ਦਾ ਵਿਕਾਸ ਰੁਕ ਜਾਵੇਗਾ। ਮੁਸ਼ਕਲਾਂ ਦੇ ਸਮੇਂ ਵਿੱਚ ਵੀ ਆਸ਼ਾਵਾਦੀ ਰਹਿਣ ਵਾਲੇ ਇਨਸਾਨ ਸੌਖਿਆਂ ਹੀ ਇਹਨਾਂ ਮੁਸ਼ਕਲਾਂ ਨੂੰ ਪਾਰ ਕਰ ਜਾਂਦੇ ਹਨ, ਪਰ ਮੁਸ਼ਕਲਾਂ ਤੋਂ ਘਬਰਾਉਣ ਵਾਲ਼ੇ ਨਿਰਾਸ਼ਾਵਾਦੀ ਇਨਸਾਨ ਇਹਨਾਂ ਮੁਸ਼ਕਲਾਂ ਦੇ ਚੱਕਰ ਵਿੱਚ ਫਸ ਕੇ ਰਹਿ ਜਾਂਦੇ ਹਨ। ਜੀਵਨ ਦੇ ਦੁੱਖਾਂ ਨੂੰ ਆਸ ਦੇ ਸਹਾਰੇ ਹੀ ਕੱਟਿਆ ਜਾ ਸਕਦਾ ਹੈ। ਅਸਲ ਵਿੱਚ ਜੀਵਨ ਚੱਲਦਾ ਹੀ ਆਸ ਦੇ ਸਹਾਰੇ ਹੈ। ਆਸ ਦੇ ਸਹਾਰੇ ਹੀ ਮਨੁੱਖ ਛੋਟੇ-ਛੋਟੇ ਕੰਮਾਂ ਤੋਂ ਲੈ ਕੇ ਵੱਡੇ-ਵੱਡੇ ਕੰਮ ਕਰਦਾ ਹੈ। ਮਨੁੱਖ ਦੇ ਜੀਵਨ ਵਿੱਚ ਜਿਸ ਚੀਜ਼ ਦੀ ਘਾਟ ਹੁੰਦੀ ਹੈ ਉਹ ਉਸ ਦੀ ਪ੍ਰਾਪਤੀ ਲਈ ਆਸ ਦੇ ਸਹਾਰੇ ਯਤਨਸ਼ੀਲ ਹੁੰਦਾ ਹੈ ਅਤੇ ਇਸ ਵਿੱਚ ਸਫਲ ਵੀ ਹੋ ਜਾਂਦਾ ਹੈ। ਜੇਕਰ ਜੀਵਨ ਵਿੱਚ ਅਸਫਲਤਾ ਵੀ ਮਿਲੇ ਤਾਂ ਵੀ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਅਤੇ ਸਫਲਤਾ ਲਈ ਮੁੜ ਯਤਨ ਅਥਵਾ ਸੰਘਰਸ਼ ਕਰਨਾ ਚਾਹੀਦਾ ਹੈ ਕਿਉਂਕਿ ਜੀਵਨ ਸੰਘਰਸ਼ ਦਾ ਹੀ ਨਾਂ ਹੈ। ਆਸ ਸਾਨੂੰ ਜੀਵਨ ਵਿੱਚ ਸੰਘਰਸ਼ ਕਰਨ ਲਈ ਪ੍ਰੇਰਨਾ ਦਿੰਦੀ ਹੈ। ਸੰਘਰਸ਼ ਰਾਹੀਂ ਅਸੀਂ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਵਿੱਚ ਸਫਲ ਹੁੰਦੇ ਹਾਂ। ਆਸ ਜੀਵਨ ਵਿੱਚ ਉਤਸ਼ਾਹ ਪੈਦਾ ਕਰਦੀ ਹੈ ਅਤੇ ਇਹ ਜੀਵਨ ਨੂੰ ਖੁਸ਼ੀ ਪ੍ਰਦਾਨ ਕਰਦੀ ਹੈ। ਸਾਡੇ ਵਿਗਿਆਨੀਆਂ ਨੇ ਅਨੇਕਾਂ ਖੇਤਰਾਂ ਵਿੱਚ ਆਸ ਸਹਾਰੇ ਹੀ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਅਨੇਕਾਂ ਨਵੀਆਂ ਕਾਢਾਂ ਕੱਢੀਆਂ ਹਨ। ਨਿਰਸੰਦੇਹ ਆਸ ਹੀ ਸਾਨੂੰ ਜੀਵਨ ਵਿੱਚ ਸਫਲ ਹੋਣ ਲਈ ਉਤਸ਼ਾਹ ਅਤੇ ਪ੍ਰੇਰਨਾ ਦਿੰਦੀ ਹੈ।